ਗੈਂਗਸਟਰ ਨੀਰਜ ਚਸਕਾ ਦੀ ਗ੍ਰਿਫ਼ਤਾਰੀ ਮਗਰੋਂ ਕਮਜ਼ੋਰ ਪਿਆ ਬੰਬੀਹਾ ਗੈਂਗ, ਪੁਲਸ ਨੂੰ ਹੁਣ ਮਾਨ ਜੈਤੋ ਦੀ ਭਾਲ
Saturday, Oct 01, 2022 - 10:32 AM (IST)
ਲੁਧਿਆਣਾ (ਪੰਕਜ) : ਬੀਤੇ ਦਿਨੀਂ ਜੰਮੂ ਰੇਲਵੇ ਸਟੇਸ਼ਨ ਤੋਂ ਦਵਿੰਦਰ ਬੰਬੀਹਾ ਗੈਂਗ ਦੇ ਮੁੱਖ ਸ਼ੂਟਰ ਨੀਰਜ ਚਸਕਾ ਦੀ ਗ੍ਰਿਫ਼ਤਾਰੀ ਮਗਰੋਂ ਪੰਜਾਬ ਪੁਲਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਨਜ਼ਰਾਂ ਹੁਣ ਇਸੇ ਗੈਂਗ ਦੇ ਦੂਜੇ ਮੁੱਖ ਸ਼ੂਟਰ ਮਾਨ ਜੈਤੋ ਵੱਲ ਲੱਗ ਚੁੱਕੀਆਂ ਹਨ। ਇਹ ਸ਼ੂਟਰ ਚਸਕਾ ਦਾ ਮੁੱਖ ਜੋੜੀਦਾਰ ਰਿਹਾ ਹੈ ਅਤੇ ਚਸਕਾ ਵੱਲੋਂ ਕੀਤੇ ਕਤਲਾਂ ਦੀਆਂ ਸਾਰੀਆਂ ਵਾਰਦਾਤਾਂ ’ਚ ਉਸ ਦੇ ਨਾਲ ਸੀ। ਨਾਲ ਹੀ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ’ਚ ਬੰਬੀਹਾ ਗੈਂਗ ਦੇ ਕਮਜ਼ੋਰ ਪੈਣ ਦੀ ਚਰਚਾ ਹੈ। ਅਸਲ ’ਚ ਦਵਿੰਦਰ ਬੰਬੀਹਾ ਦੀ ਪੁਲਸ ਮੁਕਾਬਲੇ 'ਚ ਹੋਈ ਮੌਤ ਤੋਂ ਬਾਅਦ ਵਿਦੇਸ਼ 'ਚ ਬੈਠਾ ਲੱਕੀ ਪਟਿਆਲ ਇਸ ਗੈਂਗ ਦੀ ਕਮਾਨ ਸੰਭਾਲ ਰਿਹਾ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਬੰਬੀਹਾ ਗੈਂਗ ਦੀ ਦੁਸ਼ਮਣੀ ਜੱਗ-ਜ਼ਾਹਰ ਹੈ। ਜਿਸ ਤਰ੍ਹਾਂ ਗੋਲਡੀ ਬਰਾੜ ਵਿਦੇਸ਼ ਤੋਂ ਲਾਰੈਂਸ ਗੈਂਗ ਨੂੰ ਚਲਾ ਰਿਹਾ ਹੈ, ਉਸੇ ਤਰ੍ਹਾਂ ਲੱਕੀ, ਬੰਬੀਹਾ ਗੈਂਗ ਦੀ ਕਮਾਨ ਸੰਭਾਲ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ 'ਝੋਨੇ' ਦੀ ਸਰਕਾਰੀ ਖ਼ਰੀਦ ਸ਼ੁਰੂ, ਮੰਡੀਆਂ 'ਚ ਕੀਤੇ ਗਏ ਮੁਕੰਮਲ ਪ੍ਰਬੰਧ
ਸਾਲ 2017 ਤੋਂ ਦੋਵੇਂ ਗੈਂਗਾਂ ’ਚ ਦਬਦਬਾ ਕਾਇਮ ਰੱਖਣ ਨੂੰ ਲੈ ਕੇ ਛਿੜੀ ਜੰਗ ਕਈ ਨੌਜਵਾਨਾਂ ਦੀਆਂ ਕੀਮਤਾ ਜਾਨਾਂ ਲੀਲ੍ਹ ਚੁੱਕੀ ਹੈ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਮੇਤ ਹੋਰਨਾਂ ਸੂਬਿਆਂ ’ਚ ਐਕਸਟਾਰਸ਼ਨ, ਕਤਲ ਸਮੇਤ ਹੋਰ ਗੰਭੀਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਵੇਂ ਗੈਂਗ ਅਤੇ ਉਨ੍ਹਾਂ ਦੇ ਪ੍ਰਮੁੱਖ ਸ਼ੂਟਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਅਤੇ ਦਿੱਲੀ ਪੁਲਸ ਸਮੇਤ ਹੋਰ ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇ ’ਤੇ ਹਨ। ਪੁਲਸ ਵੱਲੋਂ ਗ੍ਰਿਫ਼ਤਾਰ ਚਸਕਾ ਆਪਣੇ ਮਾਨ ਜੈਤੋ ਦੇ ਨਾਲ ਸਾਲ 2019-20 ਦੌਰਾਨ ਇਕ ਤੋਂ ਬਾਅਦ ਇਕ ਕਤਲ ਦੀਆਂ ਵਾਰਦਾਤਾਂ ਕਰਨ ਤੋਂ ਬਾਅਦ ਚਰਚਾ ’ਚ ਆਇਆ ਸੀ। ਗੁਰਲਾਲ ਬਰਾੜ ਅਤੇ ਫਿਰ ਕਬੱਡੀ ਖਿਡਾਰੀ ਸੁਰਜੀਤ ਬਾਊਂਸਰ ਦੇ ਕਤਲ ਵੇਲੇ ਚਸਕਾ ਅਤੇ ਮਾਨ ’ਤੇ ਅੰਬਾਲਾ ਵਿਚ ਵੀ 2 ਨੌਜਵਾਨਾਂ ਦਾ ਕਤਲ ਕਰਨ ਦੇ ਦੋਸ਼ ਵਿਚ ਕੇਸ ਦਰਜ ਹਨ। ਉਕਤ ਨੌਜਵਾਨਾਂ ਨੂੰ ਗਲਤ ਪਛਾਣ ਹੋਣ ਕਾਰਨ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਹਾਲਾਂਕਿ ਦੋਵੇਂ ਉਸ ਵਾਰਦਾਤ ’ਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰਦੇ ਰਹੇ ਹਨ। ਚਸਕਾ ਦਾ ਪਰਿਵਾਰ ਮੂਲ ਰੂਪ ਤੋਂ ਯੂ. ਪੀ. ਦਾ ਰਹਿਣ ਵਾਲਾ ਹੈ, ਜਦੋਂ ਕਿ ਉਸ ਦਾ ਪਾਲਣ-ਪੋਸ਼ਣ ਪੰਜਾਬ ਵਿਚ ਹੀ ਹੋਇਆ ਦੱਸਿਆ ਜਾਂਦਾ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਭਾਜਪਾ ਦੇ ਨਵ-ਨਿਯੁਕਤ ਇੰਚਾਰਜ ਵਿਜੇ ਰੂਪਾਣੀ ਦਾ ਦੌਰਾ ਮੁਲਤਵੀ
ਅਸਲ ’ਚ ਬੰਬੀਹਾ ਗੈਂਗ ਦੇ ਪ੍ਰਮੁੱਖ ਸ਼ੂਟਰਾਂ ਵਿਚ ਸੰਨੀ ਲੈਫਟੀ, ਚਸਕਾ ਅਤੇ ਮਾਨ ਜੈਤੋ ਦੱਸੇ ਜਾਂਦੇ ਹਨ। ਚੰਡੀਗੜ੍ਹ ਵਿਚ ਹੋਏ ਅਕਾਲੀ ਨੇਤਾ ਵਿੱਕੀ ਮਿੱਢੂਖੇੜਾ ਦੇ ਕਤਲ ਦੇ ਮਾਮਲੇ ’ਚ ਦਿੱਲੀ ਪੁਲਸ ਸੰਨੀ ਲੈਫਟੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਉਸ ਨੂੰ ਜੇਲ੍ਹ ’ਚੋਂ ਛੁਡਾਉਣ ਲਈ ਲੱਕੀ ਪਟਿਆਲ ਨੇ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਦੀ ਅਦਾਲਤ ਦੇ ਬਾਹਰ ਆਪਣੇ ਗੁਰਗੇ ਭੇਜੇ ਸਨ। ਉਨ੍ਹਾਂ ਨੇ ਪੁਲਸ ਹਿਰਾਸਤ ’ਚ ਪੇਸ਼ੀ ’ਤੇ ਆਏ ਸੰਨੀ ਨੂੰ ਭਜਾਉਣ ਲਈ ਬਕਾਇਦਾ ਫਾਇਰਿੰਗ ਵੀ ਕੀਤੀ ਸੀ। ਇਹ ਯੋਜਨਾ ਤਾਂ ਕਾਮਯਾਬ ਨਹੀਂ ਹੋ ਸਕੀ ਪਰ ਇਸ ਦਾ ਖਮਿਆਜ਼ਾ ਉਲਟਾ ਬੰਬੀਹਾ ਗੈਂਗ ਨੂੰ ਉਸ ਸਮੇਂ ਭੁਗਤਣਾ ਪਿਆ, ਜਦੋਂ ਦਿੱਲੀ ਦੇ ਸਪੈਸ਼ਲ ਸੈੱਲ ਨੇ ਇਸ ਵਾਰਦਾਤ ’ਚ ਸ਼ਾਮਲ ਬੰਬੀਹਾ ਗੈਂਗ ਦੇ ਕਈ ਹੋਰ ਮੁੱਖ ਸ਼ੂਟਰਾਂ ਸਮੇਤ 7 ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਅਸਲ ’ਚ ਲੱਕੀ ਪਟਿਆਲ ਲਾਰੈਂਸ ਬਿਸ਼ਨੋਈ ਜਾਂ ਉਸ ਦੇ ਕਰੀਬੀ ਸਾਥੀਆਂ ਨੂੰ ਨਿਸ਼ਾਨਾ ਬਣਾਉਣ ਲਈ ਆਪਣੇ ਭਰੋਸੇਯੋਗ ਸ਼ੂਟਰਾਂ ਨੂੰ ਇਕਜੁੱਟ ਰੱਖਣ ਦੀ ਰਣਨੀਤੀ ’ਤੇ ਕੰਮ ਕਰ ਰਿਹਾ ਸੀ। ਸੁਰੱਖਿਆ ਏਜੰਸੀਆਂ ਪੰਜਾਬ ’ਚ ਦੋਵੇਂ ਧੜਿਆਂ ’ਚ ਵੱਡੀ ਗੈਂਗਵਾਰ ਦੀ ਸੰਭਾਵਨਾ ਪਹਿਲਾਂ ਹੀ ਜਤਾ ਚੁੱਕੀਆਂ ਹਨ। ਇਸ ਤੋਂ ਬਾਅਦ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਹੁਕਮਾਂ ’ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਪ੍ਰੋਡਕਸ਼ਨ ਵਾਰੰਟ ’ਤੇ ਚੱਲ ਰਹੇ ਲਾਰੈਂਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉੱਥੇ ਹੀ ਪੁਲਸ ਬੰਬੀਹਾ ਗੈਂਗ ਦੇ ਫ਼ਰਾਰ ਚੱਲ ਰਹੇ ਸ਼ੂਟਰਾਂ ਦੀ ਭਾਲ ’ਚ ਦਿਨ-ਰਾਤ ਇਕ ਕਰ ਰਹੀ ਸੀ। ਇਸੇ ਕੜੀ ਤਹਿਤ ਹੋਈ ਚਸਕਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਦਾ ਸਾਰਾ ਧਿਆਨ ਬੰਬੀਹਾ ਗੈਂਗ ਅਤੇ ਲੱਕੀ ਪਟਿਆਲ ਦੇ ਫ਼ਰਾਰ ਸ਼ੂਟਰ ਮਾਨ ਜੈਤੋ ’ਤੇ ਲੱਗ ਗਿਆ ਹੈ, ਜਿਸ ਨੂੰ ਕਾਬੂ ਕਰਨ ਲਈ ਕਈ ਟੀਮਾਂ ਲੱਗੀਆਂ ਹੋਈਆਂ ਹਨ। ਜੇਕਰ ਪੁਲਸ ਜੈਤੋ ਨੂੰ ਵੀ ਕਾਬੂ ਕਰ ਲੈਣ ’ਚ ਸਫ਼ਲ ਹੋ ਜਾਂਦੀ ਹੈ ਤਾਂ ਪੰਜਾਬ ਵਿਚ ਬੰਬੀਹਾ ਗੈਂਗ ਦਾ ਲਗਭਗ ਲੱਕ ਟੁੱਟ ਜਾਵੇਗਾ, ਜਦੋਂ ਕਿ ਲਾਰੈਂਸ ਗੈਂਗ ਦੇ ਕਈ ਪ੍ਰਮੁੱਖ ਸ਼ੂਟਰ ਪਹਿਲਾਂ ਹੀ ਜੇਲ੍ਹਾਂ ’ਚ ਭੇਜੇ ਜਾ ਚੁੱਕੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ