ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਸ਼ਾਰਪ ਸ਼ੂਟਰ ‘ਮਹਾਕਾਲ’ ਪੁਣੇ ’ਚ ਗ੍ਰਿਫ਼ਤਾਰ
Wednesday, Jun 08, 2022 - 05:58 PM (IST)
ਚੰਡੀਗੜ੍ਹ/ਮਾਨਸਾ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਸੌਰਭ ਮਹਾਕਾਲ ਨਾਂ ਦੇ ਸ਼ਾਰਪ ਸ਼ੂਟਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਮਹਾਰਾਸ਼ਟਰ ਪੁਲਸ ਵਲੋਂ ਪੁਣੇ ਤੋਂ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੌਰਭ ਮਹਾਕਾਲ ਗਵਲੀ ਗੈਂਗ ਦੇ ਸ਼ਾਰਪ ਸੂਟਰ ਸੰਤੋਸ਼ ਜਾਧਵ ਨਾਲ ਪੰਜਾਬ ਆਇਆ ਸੀ ਅਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਪੂਰੀ ਤਰ੍ਹਾਂ ਸ਼ਾਮਲ ਸੀ। ਦੱਸਣਯੋਗ ਹੈ ਕਿ ਪੁਲਸ ਨੇ ਮੂਸੇਵਾਲਾ ਕਤਲ ਕਾਂਡ ਵਿਚ 8 ਸ਼ਾਰਪ ਸ਼ੂਟਰਾਂ ਦੀ ਸ਼ਨਾਖਤ ਕੀਤੀ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀਆਂ ਅੰਤਿਮ ਰਸਮਾਂ ’ਚ ਸ਼ਾਮਲ ਨਾ ਹੋ ਸਕੇ ਨਵਜੋਤ ਸਿੱਧੂ, ਸੋਸ਼ਲ ਮੀਡੀਆ ’ਤੇ ਆਖੀ ਇਹ ਗੱਲ
ਕਿਨ੍ਹਾਂ ਸ਼ਾਰਪ ਸ਼ੂਟਰਾਂ ਦੀ ਹੋਈ ਪਹਿਚਾਣ
ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਸੁਭਾਸ਼ ਬੋਂਦਾ, ਸੰਤੋਸ਼ ਯਾਦਵ, ਸੌਰਭ, ਮਨਜੀਤ ਸਿੰਘ, ਪ੍ਰਿਯਵਰਤ ਫੌਜੀ, ਹਰਕਮਲ, ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਦਾ ਨਾਂ ਸਾਹਮਣੇ ਆਇਆ ਹੈ। ਇਨ੍ਹਾਂ ਵਿਚੋਂ ਤਿੰਨ ਸ਼ਾਰਪ ਸੂਟਰ ਹਰਕਮਲ, ਰੂਪਾ ਅਤੇ ਮਨਪਰੀਤ ਪੰਜਾਬ ਦੇ ਰਹਿਣ ਵਾਲੇ ਹਨ। ਪੁਲਸ ਮੁਤਾਬਕ ਮੂਸੇਵਾਲਾ ਦੇ ਕਤਲ ਤੋਂ 3 ਦਿਨ ਪਹਿਲਾਂ ਇਹ ਸਾਰੇ ਕੋਟਕਪੂਰਾ ਹਾਈਵੇ ’ਤੇ ਇਕੱਠੇ ਹੋਏ ਸਨ। ਇਸ ਤੋਂ ਬਾਅਦ ਇਹ ਕਿੱਥੇ ਰੁਕੇ ਇਸ ਬਾਰੇ ਫਿਲਹਾਲ ਪੁਲਸ ਜਾਂਚ ਕਰ ਰਹੀ ਹੈ। ਇਸ ਪਿੱਛੇ ਦੋ ਲੋਕਾਂ ਦੀ ਭੂਮਿਕਾ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਪੰਜਾਬ ਪੁਲਸ ਨੇ 10 ਸ਼ਾਰਪ ਸ਼ੂਟਰਾਂ ਦੀ ਸੂਚੀ ਤਿਆਰ ਕੀਤੀ ਹੈ। ਇਨ੍ਹਾਂ ਵਿਚ ਸ਼ਨਾਖਤ ਵਾਲੇ 8 ਸ਼ਾਰਪ ਸ਼ੂਟਰਾਂ ਤੋਂ ਇਲਾਵਾ ਦੋ ਹੋਰ ਗੈਂਗਸਟਰ ਸ਼ਾਮਲ ਹਨ ਪਰ ਇਨ੍ਹਾਂ ਦੀ ਪਛਾਣ ਨੂੰ ਗੁਪਤ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਵੱਡਾ ਖ਼ੁਲਾਸਾ, ਅੰਡਰਵਰਲਡ ਨਾਲ ਜੁੜੇ ਤਾਰ
ਸ਼ੂਟਰਾਂ ਨੂੰ ਮਦਦ ਦੇਣ ਵਾਲੇ 8 ਮੁਲਜ਼ਮ ਗ੍ਰਿਫਤਾਰ
ਸਿੱਧੂ ਮੂਸੇਵਾਲਾ ਕਤਲਕਾਂਡ ਦੇ ਸ਼ੂਟਰਾਂ ਨੂੰ ਸਥਾਨਕ ਪੱਧਰ ’ਤੇ ਲੁਕਣ, ਰੇਕੀ ਕਰਨ, ਰਾਹਾਂ ਦੀ ਪਛਾਣ ਕਰਨ ਅਤੇ ਗੱਡੀਆਂ ਆਦਿ ਉਪਲਬਧ ਕਰਵਾਉਣ ਦੇ ਦੋਸ਼ ਵਿਚ ਪੰਜਾਬ ਪੁਲਸ ਨੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਹਰਿਆਣਾ ਨਿਵਾਸੀ ਕੇਕੜਾ ਵੀ ਸ਼ਾਮਲ ਹੈ, ਜਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁਝ ਮਿੰਟ ਪਹਿਲਾਂ ਘਰ ਦੇ ਬਾਹਰ ਸੈਲਫੀ ਦੇ ਰੂਪ ਵਿਚ ਫੋਟੋ ਖਿੱਚੀ ਸੀ ਅਤੇ ਉਸਦੇ ਘਰ ਤੋਂ ਥਾਰ ਜੀਪ ਵਿਚ ਨਿਕਲਣ ਸਬੰਧੀ ਸੂਚਨਾ ਸ਼ੂਟਰਾਂ ਨਾਲ ਸਾਂਝੀ ਕੀਤੀ ਸੀ। ਧਿਆਨ ਰਹੇ ਕਿ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਵਿਚ ਉਨ੍ਹਾਂ ਦੇ ਪਿੰਡ ਮੂਸੇਵਾਲਾ ਤੋਂ ਕੁਝ ਕਿਲੋਮੀਟਰ ਦੂਰ ਪਿੰਡ ਜਵਾਹਰਕੇ ਵਿਚ ਸ਼ਾਮ ਤਕਰੀਬਨ ਸਾਢੇ ਚਾਰ ਵਜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਮੇਂ ਸਿੱਧੂ ਮੂਸੇਵਾਲਾ ਆਪਣੀ ਥਾਰ ਜੀਪ ਵਿਚ ਸਵਾਰ ਸੀ ਅਤੇ ਉਸ ਨਾਲ ਗੁਰਵਿੰਦਰ ਸਿੰਘ (ਗੁਆਂਢੀ) ਅਤੇ ਗੁਰਪ੍ਰੀਤ ਸਿੰਘ (ਚਚੇਰਾ ਭਰਾ) ਵੀ ਜੀਪ ਵਿਚ ਸਵਾਰ ਸਨ। ਐੱਸ. ਆਈ. ਟੀ ਵਲੋਂ ਇਸ ਮਾਮਲੇ ਵਿਚ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਸੰਦੀਪ ਸਿੰਘ ਉਰਫ ਕੇਕੜਾ ਵਾਸੀ ਸਿਰਸਾ, ਹਰਿਆਣਾ, ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਤਲਵੰਡੀ ਸਾਬੋ, ਬਠਿੰਡਾ, ਮਨਪ੍ਰੀਤ ਭਾਊ ਵਾਸੀ ਢੈਪਈ, ਫਰੀਦਕੋਟ, ਸਾਰਜ ਮਿੰਟੂ ਵਾਸੀ ਪਿੰਡ ਦੋਦੇ ਕਲਸੀਆ, ਅੰਮ੍ਰਿਤਸਰ, ਪ੍ਰਭਦੀਪ ਸਿੱਧੂ ਉਰਫ ਪੱਬੀ ਵਾਸੀ ਤਖਤ-ਮੱਲ ਹਰਿਆਣਾ, ਮੋਨੂੰ ਡਾਗਰ ਵਾਸੀ ਪਿੰਡ ਰੇਵਲੀ, ਸੋਨੀਪਤ ਹਰਿਆਣਾ, ਪਵਨ ਬਿਸ਼ਨੋਈ ਅਤੇ ਨਸੀਬ ਦੋਵੇਂ ਵਾਸੀ ਫਤਿਹਾਬਾਦ, ਹਰਿਆਣਾ ਵਜੋਂ ਹੋਈ ਹੈ। ਪੁਲਸ ਨੇ ਇਸ ਵਾਰਦਾਤ ਵਿਚ ਸ਼ਾਮਲ 4 ਸੂਟਰਾਂ ਦੀ ਵੀ ਪਛਾਣ ਕਰ ਲਈ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਣਿਆ ਸਪੈਸ਼ਲ ਚੱਕਰਵਿਊ, ਟਾਰਗੈੱਟ ’ਤੇ ਵੱਡੇ-ਵੱਡੇ ਗੈਂਗਸਟਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।