ਢੀਂਡਸਾ ਦੀ ਟਿੱਪਣੀ ਮਗਰੋਂ ਅਕਾਲੀ ਦਲ ਵਿਧਾਇਕ ਦਲ ਨੇ ਲਾਈ ਢਿੱਲੋਂ ਦੀ ਚੋਣ ''ਤੇ ਮੋਹਰ
Wednesday, Jan 08, 2020 - 10:23 AM (IST)
ਚੰਡੀਗੜ੍ਹ (ਅਸ਼ਵਨੀ) - ਸ਼੍ਰੋਮਣੀ ਅਕਾਲੀ ਦਲ 'ਚ ਬਗਾਵਤੀ ਸੁਰਾਂ ਦੀ ਅਗਵਾਈ ਕਰ ਰਹੇ ਸੁਖਦੇਵ ਸਿੰਘ ਢੀਂਡਸਾ ਦੀ ਤਲਖ ਟਿੱਪਣੀ ਮਗਰੋਂ ਪਾਰਟੀ ਨੇ ਮੰਗਲਵਾਰ ਨੂੰ ਸ਼ਰਨਜੀਤ ਢਿੱਲੋਂ ਨੂੰ ਨੇਤਾ ਚੁਣੇ ਜਾਣ ਦੇ ਫੈਸਲ 'ਤੇ ਮੋਹਰ ਲਾ ਦਿੱਤੀ ਹੈ। ਧਿਆਨ ਰਹੇ ਕਿ ਢੀਂਡਸਾ ਨੇ ਅਕਾਲੀ ਦਲ 'ਚ ਤਾਨਾਸ਼ਾਹੀ ਦਾ ਆਲਮ ਹੋਣ ਦੀ ਗੱਲ ਕਹਿੰਦਿਆਂ ਟਿੱਪਣੀ ਕੀਤੀ ਸੀ ਕਿ ਇਸ ਦੀ ਇਸ ਤੋਂ ਵੱਡੀ ਮਿਸਾਲ ਕੀ ਹੋਵੇਗੀ ਕਿ ਵਿਧਾਇਕ ਦਲ ਦਾ ਨੇਤਾ ਕੋਰ ਕਮੇਟੀ ਵਲੋਂ ਚੁਣ ਲਿਆ ਗਿਆ ਹੈ, ਜਦਕਿ ਇਹ ਫੈਸਲਾ ਵਿਧਾਇਕਾਂ ਵਲੋਂ ਕੀਤਾ ਜਾਣਾ ਹੁੰਦਾ ਹੈ। ਉੱਧਰ, ਵਿਧਾਇਕ ਦਲ ਦੇ ਨੇਤਾ ਚੁਣੇ ਜਾਣ ਮਗਰੋਂ ਅਸਿੱਧੇ ਤੌਰ 'ਤੇ ਢੀਂਡਸਾ 'ਤੇ ਨਿਸ਼ਾਨਾ ਸਾਧਦਿਆਂ ਢਿੱਲੋਂ ਨੇ ਕਿਹਾ ਕਿ ਅਕਾਲੀ ਵਿਧਾਇਕ ਦਲ ਦੇ ਕਿਸੇ ਵੀ ਮੈਂਬਰ ਨੂੰ ਕਾਂਗਰਸ ਦੇ ਹੱਥਾਂ 'ਚ ਨਹੀਂ ਖੇਡਣਾ ਚਾਹੀਦਾ। ਅਕਾਲੀ ਦਲ ਵਲੋਂ ਦਿੱਤੀ ਸੂਚਨਾ ਮੁਤਾਬਕ ਚੰਡੀਗੜ੍ਹ ਦੇ ਵਿਧਾਇਕ ਦਲ ਦੀ ਮੀਟਿੰਗ 'ਚ ਅਕਾਲੀ ਵਿਧਾਇਕਾਂ ਨੇ ਹਿੱਸਾ ਲਿਆ ਸੀ।
ਢਿੱਲੋਂ ਮੁਤਾ ਬਕ ਦਲ ਦੇ ਮੈਂਬਰਾਂ ਨੇ ਬੈਠਕ ਦੌਰਾਨ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਪਾਰਟੀ ਵਲੋਂ ਪਰਮਿੰਦਰ ਢੀਂਡਸਾ ਨੂੰ ਦਿੱਤੇ ਇੰਨੇ ਜ਼ਿਆਦਾ ਮਾਣ-ਸਨਮਾਨ ਦੇ ਬਾਵਜੂਦ ਉਹ ਵਿਰੋਧੀ ਪਾਰਟੀ ਦੇ ਆਗੂ ਵਜੋਂ ਆਪਣੇ ਫਰਜ਼ ਨਿਭਾਉਣ 'ਚ ਨਾਕਾਮ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸੂਬੇ ਅੰਦਰ ਸਾਰੇ ਮੋਰਚਿਆਂ 'ਤੇ ਬੁਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ ਅਤੇ ਮਹਿਸੂਸ ਕਰਦੀ ਹੈ ਕਿ ਸਿਰਫ ਅਕਾਲੀ ਦਲ 'ਚ ਵੰਡੀਆਂ ਪਾ ਇਸ ਦੀ ਕਿਸਮਤ ਚਮਕ ਸਕਦੀ ਹੈ। ਵਿਧਾਇਕ ਦਲ ਨੇ ਢਿੱਲੋਂ ਦੀ ਵਿਧਾਇਕ ਦਲ ਦੇ ਨਵੇਂ ਆਗੂ ਵਜੋਂ ਕੀਤੀ ਨਿਯੁਕਤੀ ਦਾ ਸਵਾਗਤ ਕਰਦਿਆਂ ਇਸ ਗੱਲ 'ਤੇ ਅਫਸੋਸ ਪ੍ਰਗਟ ਕੀਤਾ ਕਿ ਪਰਮਿੰਦਰ ਢੀਂਡਸਾ ਨੇ ਵਿਧਾਇਕ ਦਲ ਦੇ ਆਗੂ ਵਜੋਂ ਅਸਤੀਫ਼ਾ ਦੇਣ ਸਮੇਂ ਆਪਣੇ ਸਾਥੀਆਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਅਤੇ ਪਾਰਟੀ ਨਾਲੋਂ ਪਰਿਵਾਰ ਨੂੰ ਪਹਿਲ ਦਿੱਤੀ।
ਇਸੇ ਦੌਰਾਨ ਆਪਣੇ ਸਾਥੀਆਂ ਅਤੇ ਅਕਾਲੀ ਦਲ ਪ੍ਰਧਾਨ ਦਾ ਧੰਨਵਾਦ ਕਰਦਿਆਂ ਨਵੇਂ ਚੁਣੇ ਨੇਤਾ ਸ਼ਰਨਜੀਤ ਢਿੱਲੋਂ ਨੇ ਕਿਹਾ ਕਿ ਉਹ ਕਾਂਗਰਸ ਦੀਆਂ ਲੋਕ-ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਨ ਲਈ ਪੂਰੇ ਜੋਸ਼ ਨਾਲ ਕੰਮ ਕਰਨਗੇ।ਦੁਖਦਾਈ ਗੱਲ ਹੈ ਕਿ ਪਰਮਿੰਦਰ ਢੀਂਡਸਾ ਅਜਿਹੇ ਸਮੇਂ ਆਪਣੀ ਜ਼ਿੰਮੇਵਾਰੀ ਅੱਧਵਾਟੇ ਛੱਡ ਕੇ ਭੱਜ ਗਏ ਹਨ, ਜਦੋਂ ਇਸ ਨੂੰ ਪੂਰਾ ਕਰਨ ਦੀ ਸਭ ਤੋਂ ਜ਼ਿਆਦਾ ਲੋੜ ਸੀ, ਕਿਉਂਕਿ ਸਮਾਜ ਦਾ ਹਰ ਵਰਗ ਕਾਂਗਰਸ ਸਰਕਾਰ ਦੇ ਖ਼ਿਲਾਫ਼ ਅੰਦੋਲਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦੇ ਮਸਲੇ ਉਠਾਉਣ ਅਤੇ ਸਰਕਾਰ ਨੂੰ ਕਿਸਾਨਾਂ, ਨੌਜਵਾਨਾਂ ਅਤੇ ਦਲਿਤਾਂ ਸਮੇਤ ਸਾਰੇ ਵਰਗਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮਜਬੂਰ ਕਰਨ ਦੇ ਆਪਣੇ ਫਰਜ਼ ਤੋਂ ਨਹੀਂ ਭੱਜਾਂਗਾ। ਇਸ ਦੌਰਾਨ ਵਿਧਾਇਕ ਦਲ ਦੀ ਮੀਟਿੰਗ 'ਚ ਵਿਧਾਨ ਸਭਾ ਦਾ ਇਕ ਵਿਸ਼ੇਸ਼ ਇਜਲਾਸ ਸੱਦੇ ਜਾਣ ਦੀ ਮੰਗ ਕੀਤੀ ਗਈ ਤਾਂ ਕਿ ਮੁਕੰਮਲ ਕਰਜ਼ਾ ਮੁਆਫੀ ਅਤੇ ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀਆਂ ਦੇਣ ਸਮੇਤ ਸੂਬੇ ਦੇ ਸਾਰੇ ਭਖਦੇ ਮੁੱਦਿਆਂ 'ਤੇ ਚਰਚਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਇਕ ਖੇਤੀ-ਪ੍ਰਧਾਨ ਸੂਬਾ ਹੈ। ਇਸ ਦੇ ਕਿਸਾਨ ਭਾਰੀ ਸੰਕਟ 'ਚ ਹਨ। ਕਾਂਗਰਸ ਸਰਕਾਰ ਨੂੰ ਕਿਸਾਨਾਂ ਦੀ ਭਲਾਈ ਬਾਰੇ ਚਰਚਾ ਕਰਨ ਅਤੇ ਉਨ੍ਹਾਂ ਦੀ ਹਾਲਤ ਸੁਧਾਰਨ ਲਈ ਲੋੜੀਂਦੇ ਕਦਮ ਚੁੱਕਣ ਤੋਂ ਨਹੀਂ ਭੱਜਣਾ ਚਾਹੀਦਾ।