ਲੰਬੀ ਜੱਦੋ-ਜ਼ਹਿਦ ਤੋਂ ਬਾਅਦ ਸ਼ਮਸ਼ੇਰ ਸਿੰਘ ਦਾ ਕੀਤਾ ਸਸਕਾਰ, ਵਿੱਕੀ ਉਰਫ ਟੋਪੀ ਗ੍ਰਿਫਤਾਰ

Sunday, May 24, 2020 - 04:34 PM (IST)

ਲੰਬੀ ਜੱਦੋ-ਜ਼ਹਿਦ ਤੋਂ ਬਾਅਦ ਸ਼ਮਸ਼ੇਰ ਸਿੰਘ ਦਾ ਕੀਤਾ ਸਸਕਾਰ, ਵਿੱਕੀ ਉਰਫ ਟੋਪੀ ਗ੍ਰਿਫਤਾਰ

ਪਟਿਆਲਾ (ਬਲਜਿੰਦਰ): ਵੀਰਵਾਰ ਰਾਤ ਨੂੰ ਸ਼ਹਿਰ ਦੇ ਭਾਰਤ ਨਗਰ ਵਿਖੇ ਗੋਲੀ ਮਾਰ ਕੇ ਮਾਰੇ ਗਏ ਸ਼ਮਸ਼ੇਰ ਸਿੰਘ ਦਾ ਲੰਬੀ ਜੱਦੋ-ਜਹਿਦ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸਸਕਾਰ ਕਰ ਦਿੱਤਾ। ਪਰਿਵਾਰ ਵਾਲੇ ਇਸ ਗੱਲ 'ਤੇ ਅੜੇ ਹੋਏ ਸਨ ਕਿ ਜਦੋਂ ਤਕ ਸਾਰੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਹ ਸਸਕਾਰ ਨਹੀਂ ਕਰਨਗੇ। ਬੀਤੇ ਕੱਲ ਦਾ ਸਾਰਾ ਦਿਨ ਇਸ ਗੱਲ ਨੂੰ ਲੈ ਕੇ ਲੰਘ ਗਿਆ ਸੀ ਅਤੇ ਪਰਿਵਾਰ ਵਾਲਿਆਂ ਵਲੋਂ ਧਰਨਾ ਵੀ ਲਾਇਆ ਗਿਆ। ਅੱਜ ਸਵੇਰੇ ਹੀ ਐੱਸ. ਪੀ. ਸਿਟੀ ਵਰੁਣ ਸ਼ਰਮਾ, ਡੀ. ਐੱਸ. ਪੀ. ਸੌਰਵ ਜ਼ਿੰਦਲ ਅਤੇ ਐੱਸ. ਐੱਚ. ਓ. ਗੁਰਨਾਮ ਸਿੰਘ ਵਲੋਂ ਪਰਿਵਾਰ ਦੇ ਪ੍ਰਮੁੱਖ ਵਿਅਕਤੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿੱਤਾ ਗਿਆ ਕਿ ਇਸ ਮਾਮਲੇ ਵਿਚ ਸ਼ਾਮਲ ਵਿਅਕਤੀਆਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਬਖਸ਼ਿਆ ਜਾਵੇਗਾ ਅਤੇ ਅਸਲ ਦੋਸ਼ੀਆ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਪਰਿਵਾਰ ਵਾਲੇ ਸਸਕਾਰ ਕਰਨ ਲਈ ਰਾਜੀ ਹੋ ਗਏ।

ਦੂਜੇ ਪਾਸੇ ਅੱਜ ਪੁਲਸ ਨੇ 13 'ਚੋਂ ਵਿੱਕੀ ਉਰਫ ਟੋਪੀ ਵਾਸੀ ਪਟਿਆਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀ. ਐੱਸ. ਪੀ. ਸਿਟੀ-2 ਸੌਰਵ ਜ਼ਿੰਦਲ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਜਾਂਚ ਵਿਚ ਜੁਟੀ ਹੈ ਅਤੇ ਬਾਕੀਆਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਨਹੀਂ ਬਖਸ਼ਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਪਹਿਲਾਂ ਵੀ ਆਪਸ ਵਿਚ ਝਗੜਾ ਹੋਇਆ ਸੀ।

ਦੱਸਣਯੋਗ ਹੈ ਕਿ ਵੀਰਵਾਰ ਰਾਤ 9.30 ਵਜੇ ਸ਼ਮਸ਼ੇਰ ਸਿੰਘ ਦੀ ਗੋਲੀ ਮਾਰ ਦੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਥਾਣਾ ਦਾਣਾ ਮੰਡੀ ਦੀ ਪੁਲਸ ਨੇ 19 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿਚ 6 ਅਣਪਛਾਤੇ ਸ਼ਾਮਲ ਹਨ। ਜਿਹੜੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਉਨ੍ਹਾਂ ਵਿਚ ਕੰਵਰ ਰਣਦੀਪ ਸਿੰਘ ਉਰਫ ਐੱਸ. ਕੇ. ਖਰੋੜ ਵਾਸੀ ਪਿੰਡ ਬਾਰਨ, ਸਾਜਨ ਵਾਸੀ ਪਟਿਆਲਾ, ਅਬੂ ਵਾਸੀ ਪਟਿਆਲਾ, ਲਾਲੀ ਸਰਕਾਰੀ ਕੁਆਟਰ ਸੰਜੇ ਕਲੋਨੀ ਪਟਿਆਲਾ, ਚਾਂਦ ਮੁਹੰਮਦ ਵਾਸੀ ਪਟਿਆਲਾ, ਫੂਲ ਮੁਹੰਮਦ ਵਾਸੀ ਪਟਿਆਲਾ, ਪਵਨ ਉਰਫ ਪੰਨੂੰ ਵਾਸੀ ਯਾਦਵਿੰਦਰਾ ਕਲੋਨੀ ਪÎਟਿਆਲਾ, ਤਾਰਾ ਦੱਤ ਵਾਸੀ ਵਿਕਾਸ ਨਗਰ ਪਟਿਆਲਾ, ਜਤਿੰਦਰ ਸ਼ੇਰਗਿੱਲ ਵਾਸੀ ਕਸਿਆਣਾ ਪਟਿਆਲਾ, ਪ੍ਰਮੋਦ ਉਰਫ ਮੋਦੀ ਵਾਸੀ ਬਾਜਵਾ ਕਲੋਨੀ, ਵਿੱਕੀ ਉਰਫ ਟੋਪੀ ਵਾਸੀ ਪਟਿਆਲਾ, ਟਵਿੰਕਲ ਵਾਸੀ ਸੁਖਰਾਮ ਕਲੋਨੀ ਪਟਿਆਲਾ, ਪ੍ਰਿੰਸ ਚੱਕੀ ਵਾਲਾ ਵਾਸੀ ਪਟਿਆਲਾ ਅਤੇ 5-6 ਅਣਛਾਤੇ ਵਿਅਕਤੀਆਂ ਸ਼ਾਮਲ ਹਨ।


author

Shyna

Content Editor

Related News