ਪ੍ਰਧਾਨ ਮੰਤਰੀ ਮੋਦੀ 'ਤੇ ਹਮਲੇ ਦੀ ਸਾਜਿਸ਼ ਦੇ ਦੂਰ-ਦੂਰ ਤੱਕ ਜੁੜੇ ਤਾਰ (ਵੀਡੀਓ)

Saturday, Jun 09, 2018 - 04:06 PM (IST)

ਚੰਡੀਗੜ੍ਹ (ਮਨਮੋਹਨ) : ਭਾਜਪਾ ਦੇ ਕੌਮੀ ਬੁਲਾਰੇ ਸ਼ਾਹਨਵਾਜ ਹੁਸੈਨ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲੇ ਦੀ ਸਾਜਿਸ਼ ਦੇ ਤਾਰ ਦੂਰ-ਦੂਰ ਤੱਕ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਮਾਓਵਾਦੀ ਹਤਾਸ਼ ਹੋ ਚੁੱਕੇ ਹੈ, ਇਸ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਕਰਨ ਦੀ ਹਿੰਮਤ ਕੀਤੀ ਹੈ। ਉਨ੍ਹਾਂ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਰਾਹੁਲ ਗਾਂਧੀ ਦੇ ਪਿਤਾ ਨੂੰ ਵੀ ਅੱਤਵਾਦੀਆਂ ਨੇ ਮਾਰਿਆ ਹੈ ਅਤੇ ਉਹ ਇਸੇ ਗੱਲ 'ਤੇ ਸਿਆਸਤ ਕਰ ਰਹੇ ਹਨ, ਜੋ ਕਿ ਸ਼ਰਮ ਵਾਲੀ ਗੱਲ ਹੈ। 
ਉਨ੍ਹਾਂ ਕਿਹਾ ਕਿ ਅਸੀਂ ਮਾਓਵਾਦੀ ਵਰਗੀ ਕਿਸੇ ਵੀ ਤਾਕਤ ਦਾ ਮੂੰਹ ਤੋੜ ਜਵਾਬ ਦੇਵਾਂਗੇ। 
ਤੁਹਾਨੂੰ ਦੱਸ ਦੇਈਏ ਕਿ ਸ਼ਾਹਨਵਾਜ਼ ਹੁਸੈਨ ਇੱਥੇ 10ਵੀਂ ਰਾਸ਼ਟਰੀ ਤਾਈਕਵਾਂਡੋ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਤਾਈਕਵਾਂਡੋ ਦਾ ਭਵਿੱਖ ਬਹੁਤ ਉੱਜਵਲ ਹੈ ਅਤੇ ਕੌਮਾਂਤਰੀ ਮੁਕਾਬਲਿਆਂ 'ਚ ਭਾਰਤ ਦੇ ਮੈਡਲ ਲਿਆਉਣ ਦੇ ਚਾਂਸ ਕਾਫੀ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਚੈਂਪੀਅਨਸ਼ਿਪ ਰਾਹੀਂ ਉੱਦਮੀ ਖਿਡਾਰੀਆਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਅਤੇ ਸੈਲਫ ਡਿਫੈਂਸ ਦਾ ਇਕ ਵਧੀਆ ਮਾਧਿਅਮ ਹੈ। 
ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ 'ਚ 12 ਸੂਬਿਆਂ ਤੋਂ ਤਕਰੀਬਨ 450 ਬੱਚਿਆਂ ਨੇ ਹਿੱਸਾ ਲਿਆ ਹੈ। 2 ਦਿਨਾਂ ਤੱਕ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਟਰਾਫੀ ਦੇ ਨਾਲ-ਨਾਲ ਸਕਾਲਰਸ਼ਿਪ ਵੀ ਮਿਲੇਗੀ। ਸਾਲ 2019 ਦੀਆਂ ਚੋਣਾਂ ਸਬੰਧੀ ਬੋਲਦਿਆਂ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਭਾਵੇਂ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਜਾਣ ਪਰ ਭਾਰਤੀ ਜਨਤਾ ਪਾਰਟੀ ਇਨ੍ਹਾਂ 'ਤੇ ਭਾਰੀ ਪਵੇਗੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਇਕ ਅੱਧੇ ਨੂੰ ਛੱਡ ਕੇ ਸਾਰਿਆਂ ਨੂੰ ਭਾਰਤੀ ਜਨਤਾ ਪਾਰਟੀ ਹਰਾ ਚੁੱਕੀ ਹੈ। 


Related News