ਲੁਧਿਆਣਾ 'ਚ ਸ਼ਹੀਦ ਸੁਖਦੇਵ ਥਾਪਰ ਦੀ ਰਿਹਾਇਸ਼ ਖ਼ਸਤਾ ਹਾਲਤ 'ਚ, ਧਿਆਨ ਨਹੀਂ ਦੇ ਰਹੀ ਸਰਕਾਰ
Sunday, Aug 08, 2021 - 01:21 PM (IST)
ਲੁਧਿਆਣਾ (ਨਰਿੰਦਰ) : ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਥਾਪਰ ਨੇ ਅੰਗਰੇਜ਼ੀ ਹਕੂਮਤ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜੋ ਭੂਮਿਕਾ ਅਦਾ ਕੀਤੀ, ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਪਰ ਸ਼ਾਇਦ ਸਾਡੇ ਸਮੇਂ ਦੀਆਂ ਸਰਕਾਰਾਂ ਅਤੇ ਦੇਸ਼ ਵਾਸੀ ਜ਼ਰੂਰ ਇਨ੍ਹਾਂ ਦੀ ਕੁਰਬਾਨੀ ਨੂੰ ਭੁੱਲਦੇ ਜਾ ਰਹੇ ਹਨ। ਲੁਧਿਆਣਾ ਵਿੱਚ ਸ਼ਹੀਦ ਸੁਖਦੇਵ ਥਾਪਰ ਦੀ ਜੱਦੀ ਰਿਹਾਇਸ਼ ਕਾਫੀ ਖ਼ਸਤਾ ਹਾਲਤ ਵਿੱਚ ਹੈ। ਇੱਥੇ ਥਾਂ-ਥਾਂ ਤੋਂ ਤਰੇੜਾਂ ਆ ਚੁੱਕੀਆਂ ਹਨ ਅਤੇ ਸੀਮੈਂਟ ਭੁਰਨਾ ਸ਼ੁਰੂ ਹੋ ਗਿਆ ਹੈ।
ਹਾਲਾਂਕਿ ਪੁਰਾਤੱਤਵ ਵਿਭਾਗ ਇਸ ਦੀ ਸਾਂਭ-ਸੰਭਾਲ ਕਰ ਰਿਹਾ ਹੈ ਪਰ ਉਹ ਵੀ ਨਾ-ਮਾਤਰ। ਪੰਜਾਬ ਸਰਕਾਰ ਨੇ ਇਸ ਦੇ ਸੁੰਦਰੀਕਰਨ ਲਈ 3 ਸਾਲ ਪਹਿਲਾਂ ਇਕ ਕਰੋੜ ਦੀ ਰਾਸ਼ੀ ਜਾਰੀ ਕਰਨ ਦਾ ਦਾਅਵਾ ਕੀਤਾ ਸੀ ਪਰ ਉਹ ਰਾਸ਼ੀ ਕਿੱਥੇ ਲੱਗੀ ਹੈ, ਇਸ ਸੰਬੰਧੀ ਅਸ਼ੋਕ ਥਾਪਰ ਮੈਮੋਰੀਅਲ ਟਰੱਸਟ ਦੇ ਆਗੂ ਸਵਾਲ ਪੁੱਛ ਰਹੇ ਹਨ। ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰਕ ਮੈਂਬਰ ਅਤੇ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਸਰਕਾਰ ਵੱਲੋਂ ਜਾਰੀ ਕੀਤੀ ਗਈ ਗ੍ਰਾਂਟ ਦੀ ਇਕ ਵੀ ਰੁਪਿਆ ਇਸ ਇਮਾਰਤ 'ਤੇ ਨਹੀਂ ਲੱਗਾ।
ਉਨ੍ਹਾਂ ਕਿਹਾ ਕਿ ਇਮਾਰਤ ਦੀ ਖ਼ਸਤਾ ਹਾਲਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਆਜ਼ਾਦੀ ਦਿਵਸ ਮੌਕੇ ਹੋਣ ਵਾਲੇ ਸਮਾਗਮਾਂ ਦਾ ਉਹ ਬਾਈਕਾਟ ਕਰਨਗੇ। ਅਸ਼ੋਕ ਥਾਪਰ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਥਾਂ ਦੀ ਸਾਂਭ-ਸੰਭਾਲ ਕਰਦੇ ਆ ਰਹੇ ਹਨ ਅਤੇ ਬਿਜਲੀ ਦਾ ਬਿੱਲ ਤੱਕ ਉਹ ਦਿੰਦੇ ਹਨ। ਪੁਰਾਤੱਤਵ ਵਿਭਾਗ ਵੱਲੋਂ ਇੱਕ ਸੈਕਟਰੀ ਜ਼ਰੂਰ ਰੱਖਿਆ ਗਿਆ ਹੈ, ਜੋ ਸਿਰਫ ਆਪਣੀ ਡਿਊਟੀ ਕਰਕੇ ਚਲਾ ਜਾਂਦਾ ਹੈ ਪਰ ਇਸ ਇਤਿਹਾਸਕ ਇਮਾਰਤ ਦੀ ਸਾਂਭ-ਸੰਭਾਲ ਲਈ ਕੋਈ ਜ਼ਿੰਮੇਵਾਰੀ ਨਹੀਂ ਅਦਾ ਕਰ ਰਿਹਾ।