ਅੱਤਵਾਦ ਖਿਲਾਫ ਸਾਰੀਆਂ ਪਾਰਟੀਆਂ ਦਾ ਇਕਜੁੱਟ ਹੋਣਾ ਵੱਡੀ ਗੱਲ : ਕੇਜਰੀਵਾਲ

Monday, Sep 17, 2018 - 11:44 AM (IST)

ਅੱਤਵਾਦ ਖਿਲਾਫ ਸਾਰੀਆਂ ਪਾਰਟੀਆਂ ਦਾ ਇਕਜੁੱਟ ਹੋਣਾ ਵੱਡੀ ਗੱਲ : ਕੇਜਰੀਵਾਲ

ਜਲੰਧਰ— ਬੀਤੇ ਦਿਨ ਕਰਵਾਏ ਗਏ 115ਵੇਂ ਸ਼ਹੀਦ ਪਰਿਵਾਰ ਫੰਡ ਸਮਾਰੋਹ ਦੇ ਮੁੱਖ ਮਹਿਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸ਼ਹੀਦ ਪਰਿਵਾਰ ਫੰਡ ਮੰਚ 'ਚ ਅੱਤਵਾਦ ਖਿਲਾਫ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਇਕਜੁੱਟ ਹੋਣਾ ਅਤੇ ਉਨ੍ਹਾਂ ਵੱਲੋਂ ਖੁੱਲ੍ਹ ਕੇ ਅੱਤਵਾਦੀਆਂ ਖਿਲਾਫ ਬੋਲਣਾ ਇਕ ਵੱਡੀ ਗੱਲ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਸ਼੍ਰੀ ਵਿਜੇ ਚੋਪੜਾ ਜੀ ਨੂੰ ਇਸ ਲਈ ਵਧਾਈ ਦਿੰਦੇ ਹਨ ਕਿ ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਇਕ ਮੰਚ 'ਤੇ ਲਿਆਉਣ 'ਚ ਸਫਲਤਾ ਹਾਸਲ ਕੀਤੀ ਹੈ। ਸਾਰੀਆਂ ਪਾਰਟੀਆਂ ਵਲੋਂ ਜਦ ਅੱਤਵਾਦ ਖਿਲਾਫ ਮਿਲ ਕੇ ਬੋਲਿਆ ਜਾਂਦਾ ਹੈ ਤਾਂ ਇਸ ਨਾਲ ਦੇਸ਼ ਵਿਰੋਧੀ ਤਾਕਤਾਂ ਨੂੰ ਵੀ ਸੰਦੇਸ਼ ਜਾਂਦਾ ਹੈ ਕਿ ਦੇਸ਼ ਦੀਆਂ ਸਾਰੀਆਂ ਪਾਰਟੀਆਂ ਉਨ੍ਹਾਂ ਖਿਲਾਫ ਹਨ।

ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਉਹ ਸ਼ਨੀਵਾਰ ਰਾਤ ਹੀ ਵਿਦੇਸ਼ ਤੋਂ ਪਰਤੇ ਸਨ। ਪਿਛਲੇ ਇਕ ਹਫਤੇ ਤੋਂ ਦਿੱਲੀ ਸਰਕਾਰ ਦੇ ਅਧਿਕਾਰੀ ਪੰਜਾਬ ਕੇਸਰੀ ਪਰਿਵਾਰ ਦੇ ਨਾਲ ਸੰਪਰਕ 'ਚ ਸਨ ਅਤੇ ਪਰਿਵਾਰ ਤੋਂ ਜਦ ਸਮਾਰੋਹ ਬਾਰੇ ਪੁੱਛਿਆ ਜਾਂਦਾ ਸੀ ਤਾਂ ਇਹੀ ਜਵਾਬ ਮਿਲਦਾ ਸੀ ਕਿ ਇਹ ਪ੍ਰੋਗਰਾਮ ਸ਼ੁੱਧ ਰੂਪ ਨਾਲ ਗੈਰ-ਰਾਜਨੀਤਕ ਹੈ। ਇਸ ਪ੍ਰੋਗਰਾਮ 'ਚ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਜਾਣੀ ਹੈ। ਮੈਨੂੰ ਇਸ ਗੈਰ-ਰਾਜਨੀਤਕ ਪ੍ਰੋਗਰਾਮ 'ਚ ਆ ਕੇ ਬੜੀ ਖੁਸ਼ੀ ਹੋਈ ਹੈ। ਇਸ ਲਈ ਉਹ ਪਰਿਵਾਰ ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਉੱਚ ਸਨਮਾਨ ਦਿੱਤਾ ਹੈ।

ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਕੇਸਰੀ ਪਰਿਵਾਰ ਸਮਾਜ ਨੂੰ ਅੱਤਵਾਦ ਖਿਲਾਫ ਪ੍ਰੇਰਣਾ ਦੇ ਰਿਹਾ ਹੈ। ਅਜਿਹਾ ਕਾਰਜ ਦੇਸ਼ 'ਚ ਕੋਈ ਵੀ ਨਹੀਂ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਧਰਮ ਹੀ ਇਹੋ ਸਿੱਖਿਆ ਦਿੰਦਾ ਹੈ ਕਿ ਅਸੀਂ ਦੂਜਿਆਂ ਦੀ ਮਦਦ ਕਰੀਏ ਅਤੇ ਅਜਿਹਾ ਹੀ ਕਾਰਜ ਸ਼੍ਰੀ ਵਿਜੇ ਚੋਪੜਾ ਜੀ ਨੇ ਕੀਤਾ ਹੈ ਅਤੇ ਅਜਿਹੇ ਕਾਰਜ ਸਮਾਜ 'ਚ ਚੱਲਦੇ ਰਹਿਣੇ ਚਾਹੀਦੇ ਹਨ।


Related News