ਸ਼ਹੀਦ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਘਰ, ਪਰਿਵਾਰ ਅਤੇ ਪਿੰਡ ਦਾ ਮਾਹੌਲ ਹੋਇਆ ਗ਼ਮਗੀਨ (ਤਸਵੀਰਾਂ)
Wednesday, Oct 13, 2021 - 11:48 AM (IST)
ਗੁਰਦਾਸਪੁਰ (ਬੇਰੀ, ਰਾਹੁਲ) - ਪੁੰਛ ਸੈਕਟਰ ’ਚ ਅਤੱਵਾਦੀਆਂ ਨਾਲ ਮੁੱਠਭੇੜ ਦੌਰਾਨ ਸ਼ਹੀਦ ਹੋਏ ਬਟਾਲਾ ਦੇ ਪਿੰਡ ਚੱਠਾ ਦੇ ਜਵਾਨ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚ ਗਈ ਹੈ। ਪੁੱਤਰ ਦੀ ਮ੍ਰਿਤਕ ਦੇਹ ਨੂੰ ਵੇਖਣ ਲਈ ਤਰਸ ਰਹੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਪੁੱਤ ਦੀ ਸ਼ਹਾਦਤ ’ਤੇ ਮਾਣ ਹੈ। ਸ਼ਹੀਦ ਮਨਦੀਪ ਸਿੰਘ ਦੀ ਮਾਤਾ ਨੇ ਕਿਹਾ ਕਿ ਮੇਰੇ ਪੁੱਤਰ ਨੇ ਸ਼ਹੀਦੀ ਦੇ ਕੇ ਆਪਣਾ ਫਰਜ਼ ਅਦਾ ਕਰ ਦਿੱਤਾ ਹੈ। ਹੁਣ ਪੁੱਤਰ ਦੇ ਪਰਿਵਾਰ ਦਾ ਪਾਲਣ ਪੋਸ਼ਣ ਕਿਵੇਂ ਹੋਵੇਗਾ? ਇਹ ਸਰਕਾਰਾਂ ਦਾ ਫ਼ਰਜ਼ ਬਣਦਾ ਹੈ। ਸ਼ਹੀਦ ਮਨਦੀਪ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ। ਸ਼ਹੀਦ ਮਨਦੀਪ ਸਿੰਘ ਦਾ ਵੱਡਾ ਭਰਾ ਜਗਰੂਪ ਸਿੰਘ ਆਰਮੀ ਵਿਚ ਤਾਇਨਾਤ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)
ਜਵਾਨ ਜਗਰੂਪ ਸਿੰਘ ਨੇ ਦੱਸਿਆ ਕਿ ਸ਼ਹੀਦ ਮਨਦੀਪ ਸਿੰਘ ਨਾਲ ਸ਼ਨੀਵਾਰ ਰਾਤ ਨੂੰ ਕਾਫ਼ੀ ਲੰਬੀ ਗੱਲਬਾਤ ਹੋਈ ਸੀ। ਵੀਡੀਓ ਕਾਲਿੰਗ ਰਾਹੀਂ ਇੱਕ ਦੂਜੇ ਨਾਲ ਅਸੀਂ ਹਾਸਾ ਮਜ਼ਾਕ ਕਰ ਰਹੇ ਸੀ ਪਰ ਅਗਲਾ ਦਿਨ ਇੰਨਾ ਕਹਿਰ ਲੈ ਕੇ ਆਵੇਗਾ, ਇਹ ਸੋਚਿਆ ਨਹੀਂ ਸੀ। ਸ਼ਹੀਦ ਦੇ ਭਰਾ ਨੇ ਦੱਸਿਆ ਕਿ ਮਨਦੀਪ ਸਿੰਘ ਦਾ ਸੁਫ਼ਨਾ ਸੀ ਕਿ ਜੇਕਰ ਉਹ ਸ਼ਹਾਦਤ ਦਾ ਜਾਮ ਪੀਂਦਾ ਹੈ ਤਾਂ ਪਿੰਡ ਦੇ ਬਾਹਰ ਇਕ ਮੇਨ ਗੇਟ ਉਸ ਦੇ ਨਾਮ ਦਾ ਲਗਾਇਆ ਜਾਵੇ। ਇਸ ਤੋਂ ਇਲਾਵਾ ਸ਼ਹੀਦ ਮਨਦੀਪ ਸਿੰਘ ਦੇ ਭਰਾ ਨੇ ਸਰਕਾਰ ਅੱਗੇ ਅਪੀਲ ਕੀਤੀ ਕਿ ਪਿੰਡ ਦੇ ਸਕੂਲ ਦਾ ਨਾਮ ਸ਼ਹੀਦ ਦੇ ਨਾਮ ’ਤੇ ਰੱਖਿਆ ਜਾਵੇ। ਸ਼ਹੀਦ ਦੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਸਰਕਾਰ ਚੁੱਕੇ ਅਤੇ ਬਾਅਦ ਵਿੱਚ ਉਨ੍ਹਾਂ ਦੀ ਨੌਕਰੀ ਦਾ ਪ੍ਰਬੰਧ ਵੀ ਸਰਕਾਰ ਕਰੇ।
ਪੜ੍ਹੋ ਇਹ ਵੀ ਖ਼ਬਰ - ਪੁੰਛ 'ਚ ਸ਼ਹੀਦ ਹੋਏ ਗੱਜਣ ਸਿੰਘ ਦੀ ਸ਼ਹਾਦਤ ਤੋਂ ਅਣਜਾਣ ਹੈ ਪਤਨੀ, ਫਰਵਰੀ ਮਹੀਨੇ ਹੋਇਆ ਸੀ ਵਿਆਹ (ਤਸਵੀਰਾਂ)
ਇਸ ਦੌਰਾਨ ਅਕਾਲੀ ਲੀਡਰ ਲਖਬੀਰ ਸਿੰਘ ਲੋਧੀਨੰਗਲ ਨੇ ਪੰਜਾਬ ਸਰਕਾਰ ਨੂੰ ਸ਼ਹੀਦ ਪਰਿਵਾਰਾਂ ਲਈ ਜਾਰੀ ਕੀਤੇ ਗਏ ਮੁਆਵਜ਼ੇ ਦੀ ਰਾਸ਼ੀ ਵਧਾਉਣ ਦੀ ਅਪੀਲ ਕੀਤੀ ਹੈ। ਲੋਧੀਨੰਗਲ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੋ ਕਰੋੜ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਵੇ। ਲੋਧੀਨੰਗਲ ਨੇ ਕੇਂਦਰ ਸਰਕਾਰ ਅੱਗੇ ਸਵਾਲ ਖੜ੍ਹਾ ਕੀਤਾ ਕਿ ਸਰਕਾਰ ਇਕ ਸਾਜ਼ਿਸ਼ ਦੇ ਤਹਿਤ ਪੰਜਾਬੀ ਮੁੰਡਿਆਂ ਨੂੰ ਖ਼ਤਰੇ ਵਾਲੇ ਥਾਵਾਂ ’ਤੇ ਭੇਜ ਰਹੀ ਹੈ। ਦੋ-ਦੋ ਸਾਲ ਦੇ ਐਕਸਪੀਰੀਅੰਸ ਵਾਲੇ ਜਵਾਨ ਐਨਕਾਊਂਟਰ ’ਤੇ ਭੇਜੇ ਜਾਂਦੇ ਹਨ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਨੂੰ ਲੈ ਕੇ ਗੰਭੀਰ ਹੋਈ ਕੇਂਦਰ ਸਰਕਾਰ : ਹੁਣ ਨਹੀਂ ਹੋਵੇਗਾ ‘ਤੇਰਾ DGP, ਮੇਰਾ DGP’
ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਅਤੇ ਐੱਸ.ਐੱਸ.ਪੀ. ਨਾਨਕ ਸਿੰਘ ਬਟਾਲਾ ਨੇੜਲੇ ਪਿੰਡ ਚੱਠਾ ਦੇ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਮੌਕੇ ਕੈਬਨਿਟ ਮੰਤਰੀ ਬਾਜਵਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਜੋ ਦੇਸ਼ ਲਈ ਸ਼ਹੀਦ ਹੋਏ ਹਨ, ਉਹ ਸਦੀਵੀ ਅਮਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਸਮੇਂ ਪਰਿਵਾਰ ਦੇ ਨਾਲ ਖੜ੍ਹੀ ਹੈ।