ਸ਼ਹੀਦ ਗੁਰਤੇਜ ਸਿੰਘ ਦੀ ਮਾਂ ਦੇ ਬੋਲ ''ਪੁੱਤ ਕਦੇ ਨਾ ਭੁੱਲਣ ਵਾਲੇ ਜ਼ਖਮ ਦੇ ਗਿਆ'' (ਵੀਡੀਓ)
Friday, Jun 19, 2020 - 05:40 PM (IST)
ਮਾਨਸਾ (ਅਮਰਜੀਤ ਚਾਹਲ): ਲੱਦਾਖ ਦੀ ਗਲਵਾਨ ਘਾਟੀ 'ਚ ਸੋਮਵਾਰ ਰਾਤ ਨੂੰ ਭਾਰਤ ਅਤੇ ਚੀਨ ਫੌਜੀਆਂ ਵਿਚਾਲੇ ਹਿੰਸਕ ਝੜਪ 'ਚ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ 'ਚੋਂ ਬੁਢਲਾਡਾ ਹਲਕੇ ਦੇ ਪਿੰਡ ਬੀਰੇਵਾਲ ਡੋਗਰਾ ਦੇ ਗੁਰਤੇਜ ਸਿੰਘ (22) ਪੁੱਤਰ ਵਿਰਸਾ ਸਿੰਘ ਹੈ, ਜਿਸ ਨੇ ਹਮੇਸ਼ਾ ਦੇਸ਼ ਨੂੰ ਪਰਿਵਾਰ ਤੋਂ ਪਹਿਲਾਂ ਰੱਖਿਆ। ਜਾਣਕਾਰੀ ਮੁਤਾਬਕ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀਆਂ ਤਾਜ਼ਾ ਤਸਵੀਰਾਂ ਸ਼ਹੀਦ ਗੁਰਤੇਜ ਸਿੰਘ ਦੇ ਘਰ ਦੀਆਂ ਹਨ,ਜਿਥੇ 4 ਦਿਨ ਪਹਿਲਾਂ ਵੱਡੇ ਮੁੰਡੇ ਦੇ ਵਿਆਹ ਦੇ ਗੀਤ ਗੂੰਜ ਰਹੇ ਸਨ, ਉਥੇ ਅੱਜ ਸੱਥਰ ਵਿਛਿਆ ਹੋਇਆ ਹੈ। ਇਸ ਮਾਂ ਨੇ ਅਜੇ ਇਕ ਪੁੱਤ ਦੇ ਵਿਆਹ ਦੀ ਖੁਸ਼ੀ ਪੂਰੀ ਤਰ੍ਹਾਂ ਮਨਾਈ ਵੀ ਨਹੀਂ ਸੀ ਕਿ ਛੋਟੇ ਪੁੱਤ ਦੀ ਸ਼ਹੀਦੀ ਦੀ ਖਬਰ ਆ ਗਈ। ਖੁਸ਼ੀਆਂ ਗਮ 'ਚ ਬਦਲ ਗਈਆਂ। ਸ਼ਗਨਾਂ ਦੇ ਗੀਤ ਕੀਰਨਿਆਂ 'ਚ ਬਦਲ ਗਏ। ਰਿਸ਼ਤੇਦਾਰਾਂ ਨੇ ਦੱਸਿਆ ਕਿ ਛੁੱਟੀ ਨਾ ਮਿਲਣ ਕਰਕੇ ਗੁਰਤੇਜ ਸਿੰਘ ਭਰਾ ਦੇ ਵਿਆਹ 'ਚ ਸ਼ਾਮਲ ਨਹੀਂ ਹੋ ਸਕਿਆ। ਉਸਨੇ ਕਿਹਾ ਸੀ ਕਿ ਉਹ ਛੇਤੀ ਹੀ ਆ ਕੇ ਭਰਜਾਈ ਨੂੰ ਮਿਲੇਗਾ ਪਰ ਅੱਜ ਉਸਦੀ ਮ੍ਰਿਤਕ ਦੇਹ ਪਿੰਡ ਪਹੁੰਚ ਰਹੀ ਹੈ।
ਦੱਸਣਯੋਗ ਹੈ ਕਿ ਸ਼ਹੀਦ ਗੁਰਤੇਜ ਸਿੰਘ ਦੀ ਮ੍ਰਿਤਕ ਦੇਹ ਅੱਜ ਜੱਦੀ ਪਿੰਡ ਬੀਰੇ ਵਾਲਾ ਡੋਗਰਾ 'ਚ ਪਹੁੰਚ ਰਹੀ ਹੈ, ਜਿਥੇ ਸ਼ਹੀਦ ਗੁਰਤੇਜ ਸਿੰਘ ਦੇ ਖੇਤਾਂ 'ਚ ਹੀ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸ਼ਹੀਦ ਦੇ ਭਰਾ ਨੇ ਆਪਣੇ ਭਰਾ ਦੀ ਸ਼ਹਾਦਤ 'ਤੇ ਮਾਣ ਕਰਦਿਆਂ ਕਿਹਾ ਕਿ ਜੇਕਰ ਉਸਨੂੰ ਮੌਕਾ ਮਿਲਿਆ ਤਾਂ ਉਹ ਚੀਨ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਹਨ। ਕੁਝ ਹੀ ਸਮੇਂ 'ਚ ਸ਼ਹੀਦ ਦੀ ਮ੍ਰਿਤਕ ਦੇਹ ਜੱਦੀ ਪਿੰਡ ਪਹੁੰਚ ਰਹੀ ਹੈ, ਜਿੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।