ਜਨਮ ਦਿਹਾੜੇ ’ਤੇ ਵਿਸ਼ੇਸ਼ : ਜੰਗ ਦੇ ਮੈਦਾਨ ’ਚ ਜ਼ਾਲਮਾਂ ਨੂੰ ਭਾਜੜ ਪਾਉਣ ਵਾਲੇ ਸ਼ਹੀਦ ‘ਬਾਬਾ ਦੀਪ ਸਿੰਘ ਜੀ’

Wednesday, Jan 27, 2021 - 10:27 AM (IST)

ਜਨਮ ਦਿਹਾੜੇ ’ਤੇ ਵਿਸ਼ੇਸ਼ : ਜੰਗ ਦੇ ਮੈਦਾਨ ’ਚ ਜ਼ਾਲਮਾਂ ਨੂੰ ਭਾਜੜ ਪਾਉਣ ਵਾਲੇ ਸ਼ਹੀਦ ‘ਬਾਬਾ ਦੀਪ ਸਿੰਘ ਜੀ’

ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਹਿੰਦੋਸਤਾਨ ਦੀ ਧਰਤੀ ’ਤੇ ਜੇਕਰ ਮੁਗਲਾਂ ਨਾਲ ਟੱਕਰ ਲੈਣ ਦੀ ਕਿਸੇ ਨੇ ਜੁਰਅਤ ਦਿਖਾਈ ਤਾਂ ਉਹ ਸਿੱਖ ਧਰਮ ਦੇ ਹੀ ਸੂਰਬੀਰ ਯੋਧੇ ਸਨ। ਸ਼ਹੀਦ ਬਾਬਾ ਦੀਪ ਸਿੰਘ ਜੀ ਇਸ ਦੀ ਇਕ ਮਿਸਾਲ ਹਨ। ਜੰਗ ਦੇ ਮੈਦਾਨ ਵਿਚ ਜ਼ਾਲਮਾਂ ਨੂੰ ਭਾਜੜ ਪਾਉਣ ਵਾਲੇ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਮਾਤਾ ਜਿਊਣੀ ਜੀ ਅਤੇ ਪਿਤਾ ਭਗਤਾ ਜੀ ਦੇ ਘਰ ਪਿੰਡ ਪਹੁਵਿੰਡ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਸਾਹਿਬ ਵਿਖੇ 1699 ’ਚ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤਾਂ ਉਸ ਵੇਲੇ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ-ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਏ। ਓਦੋਂ ਹੀ ਇਨ੍ਹਾਂ ਨੇ ਅੰਮ੍ਰਿਤ ਦੀ ਦਾਤ ਹਾਸਿਲ ਕੀਤੀ। ਬਾਬਾ ਦੀਪ ਸਿੰਘ ਜੀ ਨੂੰ ਬਚਪਨ ’ਚ ਦੀਪਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ ਪਰ ਅੰਮ੍ਰਿਤ ਛੱਕਣ ਤੋਂ ਬਾਅਦ ਦੀਪ ਸਿੰਘ ਬਣ ਗਏ। ਭਾਈ ਮਨੀ ਸਿੰਘ ਜੀ ਨਾਲ ਰਹਿ ਕੇ ਬਾਬਾ ਦੀਪ ਸਿੰਘ ਜੀ ਨੇ ਗੁਰਮੁਖੀ ਵਿਦਿਆ ਦੇ ਨਾਲ-ਨਾਲ ਸ਼ਸਤਰ ਵਿੱਦਿਆ ਵੀ ਹਾਸਲ ਕੀਤੀ। ਬਾਬਾ ਦੀਪ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੋ ਸਾਲ ਰਹੇ।

ਬਾਬਾ ਦੀਪ ਸਿੰਘ ਜੀ ਨੂੰ ਸਿੱਖ ਇਤਿਹਾਸ ਵਿਚ ਸਦਾ ਇਸ ਕਰਕੇ ਯਾਦ ਕੀਤਾ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਹੱਥਾਂ ਨਾਲ ਉਤਾਰੇ ਕੀਤੇ। ਉਤਾਰੇ ਕਰਨ ਦਾ ਮਕਸਦ ਇਹ ਸੀ ਕਿ ਸਿੱਖ ਸੰਗਤ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜੇ। ਸ੍ਰੀ ਅਨੰਦਪੁਰ ਸਾਹਿਬ ਵਿਖੇ ਦੋ ਸਾਲ ਰਹਿਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਵਾਪਸ ਆਪਣੇ ਮਾਤਾ-ਪਿਤਾ ਕੋਲ ਪਿੰਡ ਆ ਕੇ ਘਰ ਦੇ ਕੰਮ ਕਾਰ ਦੇ ਨਾਲ-ਨਾਲ ਗੁਰਬਾਣੀ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨ ਲੱਗੇ। ਜਦੋਂ ਅਨੰਦਪੁਰ ਸਾਹਿਬ ਕਿਲ੍ਹੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲੀ ਕਰਕੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਰਹਿ ਰਹੇ ਸਨ ਤਾਂ ਬਾਬਾ ਦੀਪ ਸਿੰਘ ਜੀ ਉਥੇ ਜਾ ਕੇ ਗੁਰੂ ਜੀ ਨਾਲ ਫਿਰ ਜਥੇ ’ਚ ਸ਼ਾਮਲ ਹੋ ਗਏ।

ਗੁਰੂ ਜੀ ਨੇ ਬਾਬਾ ਦੀਪ ਸਿੰਘ ਨੂੰ ਧੀਰ ਮੱਲ ਦੇ ਕੋਲੋਂ ਗੁਰੂ ਗ੍ਰੰਥ ਸਾਹਿਬ ਲੈਣ ਲਈ ਭੇਜਿਆ ਪਰ ਧੀਰ ਮੱਲ ਨੇ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਇਨਕਾਰ ਕਰ ਦਿੱਤਾ। ਗੁਰੂ ਜੀ ਨੇ ਭਾਈ ਮਨੀ ਸਿੰਘ ਨੂੰ ਲਿਖਾਰੀ ਲਾਇਆ ਤੇ ਬਾਬਾ ਦੀਪ ਸਿੰਘ ਨੂੰ ਕਲਮਾਂ ਘੜਨ, ਸਿਆਹੀ ਤੇ ਹੋਰ ਸਮੱਗਰੀ ਪੂਰੀ ਕਰਕੇ ਦੇਣ ਆਦਿ ਦੀ ਜ਼ਿੰਮੇਵਾਰੀ ਲਾਈ ਅਤੇ ਦੁਬਾਰਾ ਗੁਰੂ ਗ੍ਰੰਥ ਸਾਹਿਬ ਨੂੰ ਲਿਖਿਆ।

ਜਦੋਂ ਅਹਿਮਦ ਸ਼ਾਹ ਅਬਦਾਲੀ ਭਾਰਤ ਉੱਤੇ ਹਮਲਾ ਕਰਕੇ ਬਹੁਤ ਸਾਰੇ ਸ਼ਹਿਰਾਂ ਨੂੰ ਲੁੱਟ ਕੇ ਵਾਪਸ ਜਾ ਰਿਹਾ ਸੀ ਤਾਂ ਉਦੋਂ ਬਾਬਾ ਦੀਪ ਸਿੰਘ ਜੀ ਨੇ ਕੁਰੂਕਸ਼ੇਤਰ ਦੇ ਨੇੜੇ ਬਹੁਤ ਸਾਰਾ ਕੀਮਤੀ ਸਾਮਾਨ ਅਬਦਾਲੀ ਕੋਲੋਂ ਖੋਹ ਲਿਆ। ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕਰਕੇ ਬਦਲਾ ਲੈਣ ਦੀ ਗੱਲ ਕੀਤੀ। ਤੈਮੂਰ ਸ਼ਾਹ ਨੇ ਗੁੱਸੇ ਵਿਚ ਆ ਕੇ ਗੁਰੂਧਾਮ ਢਾਹੁਣੇ ਸ਼ੁਰੂ ਕਰ ਦਿੱਤੇ। ਇਸ ਗੱਲ ਨੂੰ ਸੁਣਦਿਆਂ ਹੀ ਬਾਬਾ ਦੀਪ ਸਿੰਘ ਗੁੱਸੇ ’ਚ ਗਏ ਅਤੇ ਅੰਮ੍ਰਿਤਸਰ ਸਾਹਿਬ ਵੱਲ ਕੂਚ ਕਰ ਦਿੱਤਾ।

ਬਾਬਾ ਦੀਪ ਸਿੰਘ ਸ੍ਰੀ ਦਰਬਾਰ ਸਾਹਿਬ ਨੂੰ ਢਾਹੁਣ ਦਾ ਬਦਲਾ ਲੈਣ ਲਈ ਉਤਾਵਲੇ ਸਨ। ਸਿੱਖ ਅਜਿਹੀ ਬਹਾਦਰੀ ਨਾਲ ਅੰਮ੍ਰਿਤਸਰ ਤੋਂ ਬਾਹਰ ਵੱਲ ਪਿੰਡ ਦੇ ਕੋਲ ਜੰਗ ਦੇ ਮੈਦਾਨ ਵਿਚ ਨਿੱਤਰੇ ਕਿ ਉਨ੍ਹਾਂ ਨੇ ਜਹਾਨ ਖਾਨ ਦੀ ਫੌਜ ਨੂੰ ਦਿਨੇ ਹੀ ਤਾਰੇ ਦਿਖਾ ਦਿੱਤੇ।

1709 ਈ. ਵਿਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜ਼ਾਲਮਾਂ ਵੱਲੋਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਦਾ ਹਿਸਾਬ ਚੁਕਤਾ ਕਰਨ ਲਈ ਪੰਜਾਬ ਨੂੰ ਮੁਹਾਰਾਂ ਮੋੜੀਆਂ ਤਾਂ ਬਾਬਾ ਦੀਪ ਸਿੰਘ ਨੇ ਸੈਂਕੜੇ ਮਰਜੀਵੜਿਆਂ ਦੀ ਫੌਜ ਨਾਲ ਲੈ ਕੇ ਉਨ੍ਹਾਂ ਦਾ ਡਟਵਾਂ ਸਾਥ ਦਿੱਤਾ। ਇਸ ਸਾਥ ਸਦਕਾ ਹੀ ਸਿੰਘਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਬਾਬਾ ਦੀਪ ਸਿੰਘ ਜੀ ਵੱਲੋਂ ਇਸ ਜੰਗ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਕਾਰਨ ਉਨ੍ਹਾਂ ਨੂੰ ਜਿੰਦਾ ਸ਼ਹੀਦ ਦੇ ਖਿਤਾਬ ਨਾਲ ਨਿਵਾਜਿਆ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਸ਼ਹੀਦੀ ਮਿਸਲ ਦੇ ਜਥੇਦਾਰ ਵੀ ਸਨ।  

ਆਰ ਪਾਰ ਦੀ ਜੰਗ ਸ਼ੁਰੂ ਹੋ ਗਈ। ਬਾਬਾ ਜੀ ਦਾ 18 ਸ਼ੇਰਾਂ ਦਾ ਖੰਡਾ ਦੁਸ਼ਮਣਾਂ ਦੇ ਸਿਰ ਕਲਮ ਕਰਦਾ ਵੇਖ ਕੇ ਜਹਾਨ ਖਾਨ ਦਾ ਨਾਇਬ ਫੌਜੀ ਜਮਾਲ ਸ਼ਾਹ ਅੱਗੇ ਵਧਿਆ। ਇਸ ਉੱਤੇ ਦੋਵਾਂ ਵਿਚਕਾਰ ਘਮਾਸਾਨ ਲੜਾਈ ਹੋਈ। ਬਾਬਾ ਜੀ ਨੇ ਇਕ ਖੰਡੇ ਦਾ ਵਾਰ ਜਮਾਲ ਸ਼ਾਹ ਦੀ ਗਰਦਨ ਉਤੇ ਕੀਤਾ ਪਰ ਇਸ ਵਿਚ ਜਮਾਲਸ਼ਾਹ ਨੇ ਬਾਬਾ ਜੀ ਉੱਤੇ ਤਲਵਾਰ ਦਾ ਵਾਰ ਕਰ ਦਿੱਤਾ। ਦੋਹਾਂ ਦੇ ਸੀਸ ਕੱਟ ਕੇ ਜ਼ਮੀਨ ’ਤੇ ਡਿੱਗ ਪਏ। ਉਦੋਂ ਭੀੜ ’ਚੋਂ ਕਿਸੇ ਨੇ ਆਵਾਜ਼ ਮਾਰੀ “ਬਾਬਾ ਜੀ ਤੁਸੀਂ ਤਾਂ ਕਿਹਾ ਸੀ ਕਿ ਮੈਂ ਆਪਣਾ ਸਿਰ ਗੁਰੂ ਸਾਹਿਬ ਨੂੰ ਅੰਮ੍ਰਿਤਸਰ ਵਿਖੇ ਭੇਂਟ ਕਰਾਂਗਾ। ਬਾਬਾ ਜੀ ਓਦੋਂ ਹੀ ਉੱਠ ਖੜ੍ਹੇ ਹੋਏ ਅਤੇ ਉਨ੍ਹਾਂ ਆਪਣਾ ਖੰਡਾ ਅਤੇ ਸਿਰ ਉਠਾ ਕੇ ਰਣਭੂਮੀ ਵਿਚ ਜੂਝਦੇ ਹੋਏ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਪਹੁੰਚ ਗਏ। ਉਨ੍ਹਾਂ ਨੇ ਪਰਿਕਰਮਾ ਵਿਚ ਨਮਸਕਾਰ ਕੀਤਾ ਅਤੇ 13 ਨਵੰਬਰ 1757 ਨੂੰ ਸ਼ਹੀਦੀ ਪ੍ਰਾਪਤ ਕੀਤੀ। ਬਾਬਾ ਦੀਪ ਸਿੰਘ ਜੀ ਨੂੰ ਉਨ੍ਹਾਂ ਦੀ ਇਸ ਮਹਾਨ ਕੁਰਬਾਨੀ ਲਈ ਸਦਾ ਯਾਦ ਕੀਤਾ ਜਾਂਦਾ ਰਹੇਗਾ।                      

ਜਥੇਦਾਰ ਅਜੀਤ ਸਿੰਘ


author

rajwinder kaur

Content Editor

Related News