SGPC ਦਾ ਅਹਿਮ ਫ਼ੈਸਲਾ, ਗੁਰਦੁਆਰਿਆਂ ਨਾਲ ਲਗਦੀ ਜ਼ਮੀਨ 'ਤੇ ਲਗਾਏ ਜਾਣਗੇ ਬਾਗ
Friday, Jul 08, 2022 - 01:42 PM (IST)
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦਿਨੀਂ ਅੰਤ੍ਰਿੰਗ ਕਮੇਟੀ ਦੀ ਬੈਠਕ 'ਚ ਪੰਜਾਬ ਦੇ ਕਈ ਅਹਿਮ ਮੁੱਦਿਆ ਬਾਰੇ ਚਰਚਾ ਕੀਤੀ ਸੀ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਤਾਵਰਨ ਦੀ ਸੁਰੱਖਿਆ ਲਈ ਵੱਡਾ ਫ਼ੈਸਲਾ ਲੈਂਦਿਆ ਗੁਰਦੁਆਰਿਆਂ ਨਾਲ ਲੱਗਦੀ 1-1 ਏਕੜ ਜ਼ਮੀਨ 'ਚ ਬਾਗ ਲਗਾਉਣੀ ਦੀ ਗੱਲ ਕਹੀ ਹੈ। ਸ਼੍ਰੋਮਣੀ ਕਮੇਟੀ ਨੇ ਇਹ ਫ਼ੈਸਲਾ ਮੱਤੇਵਾੜਾ ਜੰਗਲ ਨੂੰ ਕੱਟ ਕੇ ਉਦਯੋਗ ਸਥਾਪਤ ਕਰਨ ਦੇ ਮੱਦੇਨਜ਼ਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੱਤੇਵਾੜਾ ਜੰਗਲ ਦੀ ਇਕ ਇਤਿਹਾਸਕ ਮਾਨਤਾ ਹੈ। ਇਸ ਦੇ ਬਾਵਜੂਦ ਸਰਕਾਰ ਇਸ ਜੰਗਲ ਨੂੰ ਹਟਾ ਕੇ ਉਦਯੋਗ ਸਥਾਪਤ ਕਰਨ ਦੀ ਗੱਲ ਕਰ ਰਹੀ ਹੈ।
ਇਹ ਵੀ ਪੜ੍ਹੋ- ਡੇਰਾ ਸਲਾਬਤਪੁਰਾ ਦੀਆਂ ਕੰਧਾਂ ’ਤੇ ਲਿਖੇ ਖਾਲਿਸਤਾਨੀ ਨਾਅਰੇ, ਬਦਲਾ ਲੈਣ ਦੀ ਦਿੱਤੀ ਚਿਤਾਵਨੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਜੋ ਸਰਕਾਰ ਵਾਤਾਵਰਨ ਸੰਭਾਲਣ ਦੀ ਗੱਲ ਕਰਦੀ ਹੈ , ਉਹੀ ਸਰਕਾਰ ਦੂਜੇ ਪਾਸੇ ਜੰਗਲ ਨੂੰ ਕੱਟਣ ਦੀਆਂ ਤਿਆਰੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਜੰਗਲ ਦੇ ਰੁੱਖਾਂ ਨੂੰ ਕੱਟਿਆ ਗਿਆ ਤਾਂ ਇਹ ਮਨੁੱਖਤਾ ਦਾ ਕਤਲ ਹੋਵੇਗਾ। ਇਸ ਲਈ ਵਾਤਾਵਰਨ ਪੱਖੀ ਫ਼ੈਸਲਾ ਲੈਂਦਿਆਂ ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਦੇ ਆਲੇ-ਦੁਆਲੇ ਦੀ 1-1 ਏਕੜ ਜ਼ਮੀਨ 'ਤੇ ਜੰਗਲਾਤ ਲਗਾਵੇਗੀ। ਇਸ ਨਾਲ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ ਅਤੇ ਇਸ ਨੂੰ ਇਕ ਉਪਰਾਲੇ ਵਜੋਂ ਵੀ ਵਰਤਿਆ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਲੋਕਾਂ ਨੂੰ ਸ਼ੁੱਧ ਹਵਾ ਮਿਲਣੀ ਵੀ ਆਸਾਨ ਹੋਵੇਗੀ ਅਤੇ ਜੰਗਲੀ ਜੀਵਾਂ ਨੂੰ ਵੀ ਸੁਰੱਖਿਅਤ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਸੈਰ ਕਰਨ ਗਏ ਪਤੀ-ਪਤਨੀ ਦੀ ਇਕੱਠਿਆਂ ਮੌਤ
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਹੋਏ ਵਿਧਾਨ ਸਭਾ ਇਜਲਾਸ 'ਚ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਸਤਲੁਜ ਕੰਢੇ ਮੱਤੇਵਾੜਾ ਜੰਗਲ ਨੂੰ ਹਟਾ ਕੇ ਇਕ ਇੰਡਸਟਰੀਅਲ ਪਾਰਕ 'ਚ ਤਬਦੀਲ ਕਰਨ ਦਾ ਐਲਾਨ ਕੀਤਾ ਸੀ। ਇਸ ਮੱਦੇਨਜ਼ਰ ਸਿਆਸੀ ਪਾਰਟੀਆਂ ਅਤੇ ਆਗੂਆਂ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਗਿਆ ਸੀ ਕਿ ਇਸ ਫ਼ੈਸਲੇ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਇਸ ਨਾਲ ਰੁੱਖਾਂ ਦੀ ਘਾਟ ਹੋਵੇਗੀ ਅਤੇ ਵੱਡੇ ਪੱਧਰ 'ਤੇ ਕੈਮੀਕਲ ਨੂੰ ਦਰਿਆ ਵਿਚ ਸੁੱਟਿਆ ਜਾਵੇਗਾ। ਜਿਸ ਦਾ ਵਿਰੋਧ ਕਰਦਿਆਂ ਐੱਸ.ਜੀ.ਪੀ.ਸੀ ਨੇ ਵੀ ਇਹ ਅਹਿਮ ਫ਼ੈਸਲਾ ਲਿਆ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।