98 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਿਸਦਾ ਰਿਹਾ ਦਬਦਬਾ

11/16/2018 6:42:53 PM

ਜਲੰਧਰ (ਜਸਬੀਰ ਵਾਟਾਂ ਵਾਲੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੋਰ ਸੰਸਥਾਂ ਹੈ। ਇਹ ਸੰਸਥਾ 15 ਨਵੰਬਰ 1920 ਨੂੰ ਹੋਂਦ ਵਿੱਚ ਆਈ। ਇਸ ਸੰਸਥਾ ਨੂੰ ਕਾਨੂੰਨੀ ਮਾਨਤਾ ਉਸ ਮੌਕੇ ਮਿਲੀ ਜਦੋਂ 1925 ’ਚ ਸਿੱਖ ਗੁਰਦੁਆਰਾ ਐਕਟ ਪਾਸ ਹੋਇਆ। ਇਸ ਦੌਰਾਨ ਦੇਸ਼ ਉੱਤੇ ਅੰਗਰੇਜਾਂ ਦੀ ਹਕੂਮਤ ਸੀ। ਇਸ ਤੋਂ ਬਾਅਦ ਇਸ ਕਮੇਟੀ ਨੇ ਗੁਰਦੁਆਰਾ ਸੰਭਾਲ ਆਦਿ ਵਰਗੇ ਅਨੇਕਾਂ ਧਾਰਮਿਕ ਕਾਰਜਾਂ ਨੂੰ ਅੰਜਾਮ ਦਿੱਤਾ।

ਇਸ ਸੰਸਥਾ ਦੇ 98 ਸਾਲਾਂ ਦੇ ਇਤਿਹਾਸ ਅਤੇ ਕਾਰਗੁਜਾਰੀ ’ਤੇ ਝਾਤੀ ਮਾਰੀਏ ਤਾਂ 1920 ਤੋਂ ਲੈ ਕੇ 1925 ਈ. ਤੱਕ ਚੱਲੀ ਗੁਰਦੁਆਰਾ ਸੁਧਾਰ ਲਹਿਰ ਵਿਚ ਇਸ ਸੰਸਥਾ ਦੀ ਮੁੱਖ ਭੂਮਿਕਾ ਰਹੀ। ਇਸ ਦੌਰਾਨ ਇਸ ਸੰਸਥਾ ਨੇ ਗੁਰਦੁਆਰਿਆਂ ਤੋਂ ਮਹੰਤਾਂ ਦਾ ਕਬਜ਼ਾ ਖਤਮ ਕਰਵਾਉਣ ਲਈ ਲੰਬਾ ਸੰਘਰਸ਼ ਕੀਤਾ ਅਤੇ ਗੁਰਦੁਆਰਾ ਪ੍ਰਬੰਧ ਨੂੰ ਕਮੇਟੀ ਦੇ ਅਧੀਨ ਲਿਆਂਦਾ ਗਿਆ। ਇਸ ਸੰਸਥਾ ਦਾ ਸਭ ਤੋਂ ਪਹਿਲਾ ਪ੍ਰਧਾਨ ਸ. ਸੁੰਦਰ ਸਿੰਘ ਮਜੀਠੀਆ ਨੂੰ ਚੁਣਿਆ ਗਿਆ। ਉਨ੍ਹਾਂ ਦਾ ਕਾਰਜਕਾਲ 1920 ਤੋ 1921 ਤਕ ਦਾ ਸੀ। ਇਸ ਤੋਂ ਬਾਅਦ 1921 ’ਚ ਦੂਜਾ ਪ੍ਰਧਾਨ ਬਾਬਾ ਖੜਕ ਸਿੰਘ ਨੂੰ ਚੁਣਿਆ ਗਿਆ। ਇਸ ਤੋਂ ਬਾਅਦ ਇਸ ਸੰਸਥਾ ਨੇ ਸਿੱਧੇ ਅਤੇ ਅਸਿੱਧੇ ਰੂਪ ਵਿਚ ਸਿੱਖਾਂ ਨਾਲ ਜੁੜੇ ਸਿਆਸੀ ਮਾਮਲਿਆਂ ਵਿਚ ਵੀ ਦਖ਼ਲ ਦਿੱਤਾ। ਜਥੇਦਾਰ ਗੁਰਚਰਨ ਸਿੰਘ ਟੌਹੜਾ ਇਸ ਸੰਸਥਾ ਦੇ ਸਭ ਤੋਂ ਲੰਬਾ ਸਮਾਂ ਪ੍ਰਧਾਨ ਰਹੇ। ਉਨ੍ਹਾਂ ਨੇ ਕਰੀਬ 26 ਸਾਲ ਇਸ ਸੰਸਥਾ ਦੀ ਪ੍ਰਧਾਨਗੀ ਕੀਤੀ ਅਤੇ ਇਸ ਦੌਰਾਨ ਉਹ 5 ਵਾਰ ਇਸ ਸੰਸਥਾ ਦੇ ਪ੍ਰਧਾਨ ਚੁਣੇ ਗਏ। ਉਨ੍ਹਾਂ ਤੋਂ ਬਾਅਦ ਭਾਵੇਂ ਕਿ ਮਾਸਟਰ ਤਾਰਾ ਸਿੰਘ 7 ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਪਰ ਉਨ੍ਹਾਂ ਦਾ ਕਾਰਜਕਾਲ ਗੁਰਚਰਨ ਸਿੰਘ ਟੌਹੜਾ ਨਾਲੋਂ ਘੱਟ ਕਰੀਬ 15 ਸਾਲ ਹੀ ਸੀ। ਇਨ੍ਹਾਂ ਦੋ ਚਿਹਰਿਆਂ ਤੋਂ ਬਾਅਦ ਕੋਈ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਅਜਿਹਾ ਨਹੀਂ ਹੈ, ਜਿਸ ਨੇ ਲੰਬਾ ਸਮਾਂ ਇਸ ਸੰਸਥਾ ਦੀ ਪ੍ਰਧਾਨਗੀ ਕੀਤੀ ਹੋਵੇ।

ਇਸ ਸੰਸਥਾ ਦੇ ਪ੍ਰਭਾਵ ਦੀ ਗੱਲ ਕਰੀਏ ਤਾਂ ਦੇਸ਼ ਦੀ ਅਜਾਦੀ ਤੋਂ ਬਾਅਦ ਇਸ ਸੰਸਥਾ ਦੀ ਤਾਕਤ ਅੱਧੀ ਰਹਿ ਗਈ ਕਿਉਂਕਿ ਸਿੱਖਾਂ ਦੇ ਬਹੁਤ ਸਾਰੇ ਗੁਰਦੁਆਰੇ ਲਹਿੰਦੇ ਪੰਜਾਬ (ਪਾਕਿਸਤਾਨ) ਵਿਚ ਰਹਿ ਗਏ ਸਨ। ਇਸ ਤੋਂ ਬਾਅਦ 1960 ਵਿਚ ਪੰਜਾਬੀ ਸੂਬਾ ਬਣਾਏ ਜਾਣ ਦਾ ਮਹੱਤਵਪੂਰਨ ਗੁਰਮਤਾ ਵੀ ਅਕਾਲ ਤਖ਼ਤ ਸਾਹਿਬ ਤੋਂ ਇਸ ਸੰਸਥਾ ਨੇ ਲਾਗੂ ਕੀਤਾ। ਇਹ ਗੁਰਮਤਾ ਸ਼੍ਰੋਮਣੀ ਕਮੇਟੀ ਦੇ 129 ਮੈਂਬਰਾਂ ਤੇ ਕਰੀਬ 10 ਹਜ਼ਾਰ ਸੰਗਤ ਦੀ ਹਾਜ਼ਰੀ ’ਚ ਪ੍ਰਵਾਨ ਕੀਤਾ ਗਿਆ । ਇਸ ਮੌਕੇ ਕਮੇਟੀ ਦੇ 129 ਮੈਂਬਰਾਂ ਨੇ ਅਕਾਲ ਤਖ਼ਤ ਸਾਹਿਬ 'ਤੇ ਖੜ੍ਹੇ ਹੋ ਕੇ ਇਹ ਪ੍ਰਣ ਵੀ ਕੀਤਾ ਕਿ ਉਹ ਪੰਜਾਬੀ ਸੂਬੇ ਲਈ ਆਪਣੀਆਂ ਜਾਨਾਂ ਤਕ ਵੀ ਵਾਰ ਦੇਣਗੇ।  ਇਸ ਤੋਂ ਬਾਅਦ ਹੀ ਅਕਾਲੀ ਦਲ ਨੇ 24 ਜਨਵਰੀ, 1960 ਨੂੰ ਪੰਜਾਬੀ ਸੂਬੇ ਲਈ ਮੋਰਚੇ ਦਾ ਐਲਾਨ ਕਰ ਦਿੱਤਾ।

ਪੰਜਾਬੀ ਸੂਬਾ ਬਣਨ ਤੋਂ ਬਾਅਦ ਇਸ ਸੰਸਥਾ ਦੇ ਪ੍ਰਭਾਵ ਵਿਚ ਹੋਰ ਵੀ ਕਮੀ ਆਈ ਕਿਉਂਕਿ ਹਰਿਆਣਾ ਅਤੇ ਆਸ-ਪਾਸ ਦੇ ਖੇਤਰਾਂ ਦੇ ਗੁਰਦੁਆਰਿਆਂ ਦੇ ਪ੍ਰਬੰਧ ਦੀ ਜਿੰਮੇਵਾਰੀ ਇਸ ਸੰਸਥਾ ਦੇ ਹੱਥੋਂ ਜਾਂਦੀ ਲੱਗੀ। ਇਸ ਦੌਰਾਨ ਹੀ ਇਹ ਸੰਸਥਾ ਕਾਂਗਰਸ ਅਤੇ ਅਕਾਲੀਆਂ ਦੀ ਸਿਆਸੀ ਖਿੱਚੋਤਾਣ ਦਾ ਸ਼ਿਕਾਰ ਹੋਣੀ ਸ਼ੁਰੂ ਹੋ ਗਈ ਅਤੇ ਇਹ ਸੰਸਥਾ ਬਾਦਲ ਵਰਸਿਜ ਟੌਹੜਾ ਦਰਮਿਆਨ ਦੋ ਧੜਿਆ ਵਿਚ ਵੰਡੀ ਗਈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਇਸ ਖਿੱਚੋਤਾਣ ਵਿਚ ਬਾਦਲ ਧੜੇ ਦਾ ਹੀ ਪ੍ਰਭਾਵ ਵਧੇਰੇ ਰਿਹਾ ਜੋ ਅੱਜ ਤਕ ਵੀ ਜਾਰੀ ਹੈ। ਇਸ ਤਰ੍ਹਾਂ 98 ਸਾਲ ਦੇ ਸਫਰ ਤੋਂ ਬਾਅਦ ਵੀ ਅੱਜ ਇਹ ਸੰਸਥਾ ਸਿੱਖਾਂ ਦੀ ਸਭ ਤੋਂ ਮਹੱਤਵਪੂਰਨ ਸੰਸਥਾ ਹੈ, ਜੋ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਲੈ ਕੇ ਸਿੱਖੀ ਦੇ ਪ੍ਰਚਾਰ ਅਤੇ ਹੋਰ ਸਿੱਖ ਵਿਰਾਸਤ ਨੂੰ ਸੰਭਾਲਣ ਲਈ ਵੀ ਸਰਗਰਮ ਹੈ।


Related News