ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਅੱਜ, ਕਾਂਟੇ ਦੀ ਟੱਕਰ, ਜੋੜ-ਤੋੜ ਦੀ ਸਿਆਸਤ ਜ਼ੋਰਾਂ ’ਤੇ

Wednesday, Nov 09, 2022 - 08:24 AM (IST)

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਅੱਜ, ਕਾਂਟੇ ਦੀ ਟੱਕਰ, ਜੋੜ-ਤੋੜ ਦੀ ਸਿਆਸਤ ਜ਼ੋਰਾਂ ’ਤੇ

ਅੰਮ੍ਰਿਤਸਰ (ਦੀਪਕ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਇਤਿਹਾਸ ’ਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ’ਚ ਵੰਡਿਆ ਗਿਆ ਹੈ। ਇਕ ਧੜਾ ਹਰਜਿੰਦਰ ਸਿੰਘ ਧਾਮੀ ਦਾ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਹੈ ਅਤੇ ਦੂਜਾ ਧੜਾ ਬੀਬੀ ਜਗੀਰ ਕੌਰ ਦਾ ਹੈ, ਜੋ ਆਜ਼ਾਦ ਚੋਣ ਲੜ ਰਹੀ ਹੈ। ਸ਼੍ਰੋਮਣੀ ਕਮੇਟੀ ਦੀਆਂ ਕੱਲ ਬੁੱਧਵਾਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਜੋੜ-ਤੋੜ ਦੀ ਸਿਆਸਤ ਤੇਜ਼ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਪੰਥ ਦੀ ਮਹਾਨ ਸੰਸਥਾ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਮੈਂਬਰ ਆਜ਼ਾਦ ਢੰਗ ਨਾਲ ਪਾਉਣ ਵੋਟ : ਬੀਬੀ ਜਗੀਰ ਕੌਰ

ਉੱਥੇ ਹੀ ਚੋਣਾਂ ਤੋਂ ਇਕ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੰਮ੍ਰਿਤਸਰ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ 100 ਮੈਂਬਰਾਂ ਦੇ ਨਾਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ 25 ਹੋਰ ਮੈਂਬਰ ਉਨ੍ਹਾਂ ਦੇ ਸਮਰਥਨ ’ਚ ਹਨ। ਦੂਜੇ ਪਾਸੇ ਬੀਬੀ ਜਗੀਰ ਕੌਰ ਵੀ ਆਪਣੀ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਨਜ਼ਰ ਆ ਰਹੀ ਹੈ, ਜਿਸ ਕਾਰਨ ਇਹ ਚੋਣਾਂ ਕਾਂਟੇ ਦੀ ਟੱਕਰ ਸਾਬਿਤ ਹੋ ਰਹੀਆਂ ਹਨ। ਚੋਣਾਂ ’ਚ ਜਿੱਤ ਕਿਸ ਧੜੇ ਦੀ ਹੁੰਦੀ ਹੈ, ਇਹ ਤਾਂ ਕੱਲ ਬਾਅਦ ਦੁਪਹਿਰ ਤਕ ਸਪੱਸ਼ਟ ਹੋ ਜਾਵੇਗਾ ਪਰ ਜਿਸ ਤਰ੍ਹਾਂ ਦੋਵੇਂ ਧੜੇ ਆਹਮੋ-ਸਾਹਮਣੇ ਹਨ, ਅਜਿਹੀ ਸਥਿਤੀ ’ਚ ਟਕਰਾਅ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਹ ਖ਼ਬਰ ਵੀ ਪੜ੍ਹੋ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਅਲੌਕਿਕ ਆਤਿਸ਼ਬਾਜ਼ੀ (ਵੀਡੀਓ) 

ਦੋਵੇਂ ਧੜੇ ਕਮੇਟੀ ਮੈਂਬਰਾਂ ਨੂੰ ਆਪਣੇ ਹੱਕ ’ਚ ਕਰਨ ਲਈ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਹੱਥਕੰਡੇ ਅਪਣਾ ਰਹੇ ਹਨ ਪਰ ਫੈਸਲਾ ਵੋਟਾਂ ਦੇ ਨਤੀਜਿਆਂ ’ਤੇ ਨਿਰਭਰ ਕਰੇਗਾ, ਨਾ ਕਿ ਜੈਕਾਰਿਆਂ ਦੀ ਗੂੰਜ ’ਤੇ। ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰਾਂ ਦਾ ਸਮਰਥਨ ਹਾਸਲ ਹੈ ਅਤੇ ਬੀਬੀ ਜਗੀਰ ਕੌਰ ਦੇ ਇਸ ਫੈਸਲੇ ਨਾਲ ਪੂਰੀ ਤਰ੍ਹਾਂ ਸਹਿਮਤ ਨਜ਼ਰ ਆ ਰਹੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਤਕ ਸ਼੍ਰੋਮਣੀ ਅਕਾਲੀ ਦਲ ਦੀ ਜਾਗੀਰ ਬਣੀ ਰਹੇਗੀ। 12 ਅਕਤੂਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਸੁੰਦਰ ਸਿੰਘ ਮਜੀਠੀਆ ਪਹਿਲੇ ਪ੍ਰਧਾਨ ਬਣੇ। ਸ਼੍ਰੋਮਣੀ ਕਮੇਟੀ ਦੇ ਹੁਣ ਤੱਕ 44 ਪ੍ਰਧਾਨ ਬਣਾਏ ਜਾ ਚੁੱਕੇ ਹਨ, ਜਿਨ੍ਹਾਂ ’ਚ ਬਾਬਾ ਖੜਗ ਸਿੰਘ, ਮਾਸਟਰ ਤਾਰਾ ਸਿੰਘ, ਜਗਦੇਵ ਸਿੰਘ ਤਲਵੰਡੀ, ਕ੍ਰਿਪਾਲ ਸਿੰਘ ਬਡੂੰਗਰ, ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਪੰਥ ਰਤਨ ਸਵ. ਗੁਰਚਰਨ ਸਿੰਘ ਟੌਹੜਾ ਸ਼ਾਮਲ ਹਨ। ਬੀਬੀ ਜਗੀਰ ਕੌਰ ਵੱਲੋਂ ਜਾਰੀ ਕੀਤਾ ਚੋਣ ਏਜੰਡਾ ਪਹਿਲੀ ਵਾਰ ਇਕ ਨਵਾਂ ਸੁਨੇਹਾ ਲੈ ਕੇ ਨਿਡਰ ਹੋ ਕੇ ਸਾਹਮਣੇ ਆਇਆ ਹੈ, ਜੋ ਵੀ ਚੋਣ ਜਿੱਤਦਾ ਹੈ, ਉਹ ਸਿਰਫ ਕੁਝ ਵੋਟਾਂ ਦੇ ਫਰਕ ਨਾਲ ਹੋਵੇਗਾ ਕਿਉਂਕਿ ਪਿਛਲੀਆਂ ਚੋਣਾਂ ’ਚ ਬੀਬੀ ਜਗੀਰ ਕੌਰ ਨੂੰ 122 ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ 122 ਵੋਟਾਂ ਮਿਲੀਆਂ ਸਨ।

ਇਹ ਖ਼ਬਰ ਵੀ ਪੜ੍ਹੋ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਅਲੌਕਿਕ ਆਤਿਸ਼ਬਾਜ਼ੀ (ਵੀਡੀਓ)


author

Manoj

Content Editor

Related News