ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਬੱਚਿਆਂ ਨੂੰ ਪ੍ਰੀਖਿਆਵਾਂ ''ਚ ਕੱਕਾਰਾਂ ਸਮੇਤ ਬੈਠਣ ਦੀ ਮੰਗ
Thursday, Jul 13, 2017 - 01:06 AM (IST)

ਫਤਿਹਗੜ੍ਹ ਸਾਹਿਬ/ਅੰਮ੍ਰਿਤਸਰ (ਜਗਦੇਵ, ਦੀਪਕ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਭਾਰਤ ਦੇ ਹਿਊਮਨ ਰਿਸੋਰਸ ਡਿਵੈਲਪਮੈਂਟ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਿੱਖ ਬੱਚਿਆਂ ਨੂੰ ਵੱਖ-ਵੱਖ ਪ੍ਰੀਖਿਆਵਾਂ ਦੌਰਾਨ ਕੱਕਾਰ ਉਤਾਰਨ ਲਈ ਮਜਬੂਰ ਕੀਤੇ ਜਾਣ ਦਾ ਮਸਲਾ ਜਲਦ ਹੱਲ ਕੀਤਾ ਜਾਵੇ। ਉਨ੍ਹਾਂ ਲਿਖਿਆ ਕਿ ਅਕਸਰ ਹੀ ਸਿੱਖ ਬੱਚਿਆਂ ਨੂੰ ਦੇਸ਼ 'ਚ ਵੱਖ-ਵੱਖ ਥਾਈਂ ਹੁੰਦੀਆਂ ਪ੍ਰੀਖਿਆਵਾਂ 'ਚ ਬੈਠਣ ਲਈ ਕ੍ਰਿਪਾਨ ਜਾਂ ਕੜਾ ਉਤਾਰਨ ਲਈ ਮਜਬੂਰ ਕੀਤਾ ਜਾਂਦਾ ਹੈ, ਜੋ ਸਿੱਖ ਰਹਿਣੀ ਦੇ ਵਿਰੁੱਧ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਇਹ ਮਾਮਲਾ ਕਈ ਵਾਰ ਸੰਬੰਧਿਤ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ ਪਰ ਇਸ ਗੰਭੀਰ ਮਸਲੇ ਦਾ ਸਥਾਈ ਤੌਰ 'ਤੇ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਸ਼੍ਰੀ ਪ੍ਰਕਾਸ਼ ਜਾਵਡੇਕਰ ਨੂੰ ਇਸ ਨਾਜ਼ੁਕ ਧਾਰਮਿਕ ਮਸਲੇ ਵੱਲ ਨਿੱਜੀ ਤੌਰ 'ਤੇ ਧਿਆਨ ਦਿੰਦਿਆਂ ਅੰਮ੍ਰਿਤਧਾਰੀ ਸਿੱਖ ਬੱਚਿਆਂ ਦੇ ਕੱਕਾਰਾਂ ਸਮੇਤ ਪ੍ਰੀਖਿਆ 'ਚ ਬੈਠਣ ਨੂੰ ਯਕੀਨੀ ਬਣਾਉਣ ਲਈ ਸੰਬੰਧਿਤ ਅਧਿਕਾਰੀਆਂ/ ਵਿਭਾਗਾਂ ਨੂੰ ਤੁਰੰਤ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ।
ਗੁਰਦੁਆਰਾ ਸਾਹਿਬਾਨ ਨੂੰ ਜੀ. ਐੱਸ. ਟੀ. ਤੋਂ ਮੁਕਤ ਕਰਨ ਲਈ ਕੇਂਦਰੀ ਮੰਤਰੀ ਨੂੰ ਲਿਖਿਆ ਪੱਤਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਭਾਰਤ ਦੇ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੂੰ ਇਕ ਪੱਤਰ ਲਿਖ ਕੇ ਗੁਰਦੁਆਰਾ ਸਾਹਿਬਾਨ ਨੂੰ ਜੀ. ਐੱਸ. ਟੀ. ਤੋਂ ਮੁਕਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਮਨੁੱਖਤਾ ਦੇ ਸਾਂਝੇ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਲੰਗਰ ਸਮੇਤ ਹੋਰ ਸਾਮਾਨ ਦੀ ਖ੍ਰੀਦ ਨੂੰ ਪੰਜਾਬ ਸਰਕਾਰ ਵੱਲੋਂ 2005 ਤੇ 2008 'ਚ ਨੋਟੀਫਿਕੇਸ਼ਨ ਰਾਹੀਂ ਵੈਟ ਮੁਕਤ ਕੀਤਾ ਗਿਆ ਸੀ ਪਰ ਹੁਣ ਜੀ. ਐੱਸ. ਟੀ. ਲਾਗੂ ਹੋਣ ਨਾਲ ਇਹ ਨੋਟੀਫਿਕੇਸ਼ਨ ਖਤਮ ਹੋ ਗਏ ਹਨ। ਲੰਗਰਾਂ ਲਈ ਹਰ ਸਾਲ ਲਗਭਗ 75 ਕਰੋੜ ਰੁਪਏ ਦੀ ਲਾਗਤ ਨਾਲ ਦੇਸੀ ਘਿਉ, ਖੰਡ, ਸੁੱਕਾ ਦੁੱਧ ਅਤੇ ਦਾਲਾਂ ਆਦਿ ਰਾਸ਼ਨ ਖਰੀਦਿਆ ਜਾਂਦਾ ਹੈ ਅਤੇ ਹੁਣ ਜੀ. ਐੱਸ. ਟੀ. ਲਾਗੂ ਹੋਣ ਨਾਲ ਗੁਰਦੁਆਰਾ ਸਾਹਿਬਾਨ ਉਪਰ ਲੱਗਭਗ 9 ਕਰੋੜ ਰੁਪਏ ਦਾ ਵਾਧੂ ਆਰਥਿਕ ਬੋਝ ਪਵੇਗਾ।
ਪ੍ਰੋ. ਬਡੂੰਗਰ ਨੇ ਪੱਤਰ 'ਚ ਲਿਖਿਆ ਕਿ ਸਾਰੇ ਗੁਰਦੁਆਰਾ ਸਾਹਿਬਾਨ 'ਚ ਸਭ ਧਰਮਾਂ ਤੇ ਫਿਰਕਿਆਂ ਦੇ ਲੋਕਾਂ ਨੂੰ ਮੁਫਤ ਲੰਗਰ ਛਕਾਇਆ ਜਾਂਦਾ ਹੈ, ਜਿਸ ਨਾਲ ਮਨੁੱਖਤਾ ਦੀ ਸੇਵਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦੁਨੀਆ ਨੂੰ ਜਾਂਦਾ ਹੈ। ਗੁਰਦੁਆਰਾ ਸਾਹਿਬਾਨ 'ਚ ਆਉਣ ਵਾਲੀਆਂ ਸੰਗਤਾਂ ਨੂੰ ਵਰਤਾਇਆ ਜਾਣ ਵਾਲਾ ਪ੍ਰਸ਼ਾਦ ਵੀ ਜੀ. ਐੱਸ. ਟੀ. ਤੋਂ ਮੁਕਤ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸੀ ਘਿਉ ਉਪਰ 12%, ਖੰਡ ਉਪਰ 18% ਅਤੇ ਦਾਲਾਂ ਉਪਰ 5% ਜੀ. ਐੱਸ. ਟੀ. ਲਾਗੂ ਹੈ ਤਾਂ ਫਿਰ ਪ੍ਰਸ਼ਾਦ ਅਤੇ ਗੁਰਦੁਆਰਾ ਸਾਹਿਬਾਨ ਜੀ. ਐੱਸ. ਟੀ. ਤੋਂ ਮੁਕਤ ਕਿਵੇਂ ਹੋਏ?