ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੁਲਾਜ਼ਮਾਂ ਨੂੰ ਫਾਰਗ ਕਰਨ ਦਾ ਫੈਸਲਾ ਵਾਪਸ ਨਾ ਲਿਆ ਤਾਂ ਲਵਾਂਗੇ ਸਖਤ ਐਕਸ਼ਨ : ਮਾਨ

Thursday, Apr 05, 2018 - 12:05 PM (IST)

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੁਲਾਜ਼ਮਾਂ ਨੂੰ ਫਾਰਗ ਕਰਨ ਦਾ ਫੈਸਲਾ ਵਾਪਸ ਨਾ ਲਿਆ ਤਾਂ ਲਵਾਂਗੇ ਸਖਤ ਐਕਸ਼ਨ : ਮਾਨ

ਪਟਿਆਲਾ/ਫਤਿਹਗੜ੍ਹ ਸਾਹਿਬ (ਜੋਸਨ, ਰਾਣਾ, ਜਗਦੇਵ)- ਸ਼੍ਰੋਮਣੀ ਕਮੇਟੀ ਵਲੋਂ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੌਰਾਨ ਹੋਈਆਂ ਭਰਤੀਆਂ ਦੀ ਜਾਂਚ ਰਿਪੋਰਟ ਤੋਂ ਬਾਅਦ 523 ਦੇ ਕਰੀਬ ਮੁਲਾਜ਼ਮਾਂ ਨੂੰ ਫਾਰਗ ਕੀਤੇ ਜਾਣ ਨਾਲ ਰੋਸ ਲਹਿਰ ਉਠ ਖੜ੍ਹੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਅਤੇ ਫਾਰਗ ਕੀਤੇ ਮੁਲਾਜ਼ਮਾਂ ਦੇ ਹੱਕ ਵਿਚ ਖੜ੍ਹਦਿਆਂ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਇਸ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਇਸ ਸਬੰਧੀ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ ਮੁਲਾਜ਼ਮਾਂ ਨੂੰ ਫਾਰਗ ਕੀਤੇ ਜਾਣ ਦੀ ਕਾਰਵਾਈ ਵਿਰੁੱਧ ਮਤਾ ਵੀ ਪਾਸ ਕੀਤਾ ਗਿਆ ਹੈ। ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਇਹ ਫੈਸਲਾ 'ਗੈਂਗ ਆਫ ਫੋਰ' ਚਾਰ ਮੈਂਬਰਾਂ ਨੇ ਕੀਤਾ ਹੈ, ਜਿਨ੍ਹਾਂ ਨੇ ਇਸ ਭਰਤੀ ਨੂੰ ਬੇਨਿਯਮੀਆਂ ਦਾ ਨਾਂ ਦਿੱਤਾ ਹੈ।  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ 'ਚ ਦਸ ਹਜ਼ਾਰ ਰੁਪਏ ਤੋਂ ਘੱਟ ਵਾਲੇ ਮੁਲਾਜ਼ਮਾਂ ਨੂੰ ਲੋੜ ਅਨੁਸਾਰ ਭਰਤੀ ਕੀਤਾ ਜਾਣਾ ਸ਼੍ਰੋਮਣੀ ਕਮੇਟੀ ਦੇ ਐਕਟ ਅਧੀਨ ਹੈ, ਜਿਸ ਲਈ ਸ਼੍ਰੋਮਣੀ ਕਮੇਟੀ ਵਲੋਂ ਸਾਰੀ ਪ੍ਰਕਿਰਿਆ ਪੂਰੀ ਕੀਤੇ ਜਾਣ ਮਗਰੋਂ ਹੀ ਮੁਲਾਜ਼ਮ ਭਰਤੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ 'ਚ ਭਰਤੀ ਪ੍ਰਕਿਰਿਆ ਪਾਰਦਰਸ਼ਤਾ ਨਾਲ ਹੋਵੇ, ਅਸੀਂ ਇਸ ਦੇ ਹੱਕ 'ਚ ਹਾਂ ਪਰ ਹੋਈ ਭਰਤੀ ਨੂੰ ਹੁਣ ਬੇਨਿਯਮੀਆਂ ਦਾ ਨਾਂ ਦੇ ਕੇ ਮੁਲਾਜ਼ਮਾਂ ਨੂੰ ਫਾਰਗ ਕਰੇ ਤਾਂ ਅਸੀਂ ਇਸ ਦਾ ਵਿਰੋਧ ਕਰਦੇ ਹਾਂ।    ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) ਪੂਰੀ ਤਰ੍ਹਾਂ ਫਾਰਗ ਮੁਲਾਜ਼ਮਾਂ ਨਾਲ ਖੜ੍ਹਾ ਹੈ ਅਤੇ ਹਮੇਸ਼ਾ ਖੜ੍ਹਾ ਰਹੇਗਾ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੁਲਾਜ਼ਮਾਂ ਨੂੰ ਫਾਰਗ ਕੀਤੇ ਜਾਣ ਦਾ ਫੈਸਲਾ ਕਿਸੇ ਭਾਰੀ ਸਿਆਸੀ ਦਬਾਅ 'ਚ ਆ ਕੇ ਲਿਆ ਹੈ। ਉਨ੍ਹਾਂ ਕਿਹਾ ਕਿ ਭਾਈ ਲੌਂਗੋਵਾਲ ਨੂੰ ਕਿਸੇ ਦਾ ਹੱਥ ਠੋਕਾ ਬਣਨ ਦੀ ਬਜਾਏ ਫਾਰਗ ਮੁਲਾਜ਼ਮਾਂ ਵਿਰੁੱਧ ਲਿਆ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਪੰਥ ਹਿਤੈਸ਼ੀ ਹਨ ਤਾਂ ਉਹ ਜਲਦ ਤੋਂ ਜਲਦ ਫਾਰਗ ਕੀਤੇ ਗਏ 523 ਮੁਲਾਜ਼ਮਾਂ ਵਿਰੁੱਧ ਫੈਸਲੇ ਨੂੰ ਵਾਪਸ ਲੈਣ। 
ਮਾਨ ਨੇ ਚਿਤਾਵਨੀ ਭਰੇ ਸ਼ਬਦਾਂ 'ਚ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਨੇ ਫਾਰਗ ਕੀਤੇ ਮੁਲਾਜ਼ਮਾਂ ਨੂੰ ਬਹਾਲ ਨਾ ਕੀਤਾ ਤਾਂ ਅਕਾਲੀ ਦਲ (ਅ) ਸਖਤ ਅਤੇ ਫੈਸਲਾਕੁੰਨ ਐਕਸ਼ਨ ਲੈਣ ਲਈ ਮਜਬੂਰ ਹੋਵੇਗਾ। ਇਸ ਮੌਕੇ ਪਾਰਟੀ ਦੇ ਮੁੱਖ ਬੁਲਾਰਾ ਸਿਆਸੀ ਅਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ, ਗੁਰਜੰਟ ਸਿੰਘ ਕੱਟੂ, ਨਵਦੀਪ ਸਿੰਘ ਬਾਜਵਾ, ਕੁਲਦੀਪ ਸਿੰਘ ਭਲਵਾਨ ਆਦਿ ਹਾਜ਼ਰ ਸਨ।
 


Related News