SGPC ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਿੰਮ ਨੂੰ ਪ੍ਰਚੰਡ ਕਰੇਗੀ, ਹੋਲਾ ਮਹੱਲਾ ਬਾਰੇ ਬਣਾਈ ਇਹ ਯੋਜਨਾ

Saturday, Feb 18, 2023 - 12:52 AM (IST)

SGPC ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਿੰਮ ਨੂੰ ਪ੍ਰਚੰਡ ਕਰੇਗੀ, ਹੋਲਾ ਮਹੱਲਾ ਬਾਰੇ ਬਣਾਈ ਇਹ ਯੋਜਨਾ

ਸ੍ਰੀ ਅਨੰਦਪੁਰ ਸਾਹਿਬ (ਬਿਊਰੋ) : ਇਸ ਵਾਰ ਖਾਲਸਾ ਪੰਥ ਦੇ ਜਾਹੋ-ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ ਮਹੱਲਾ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਦੇ ਰੰਗ ’ਚ ਰੰਗਿਆ ਨਜ਼ਰ ਆਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੋਲਾ ਮਹੱਲਾ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖਤੀ ਮੁਹਿੰਮ ਨੂੰ ਹੋਰ ਪ੍ਰਚੰਡ ਕਰਦਿਆਂ 9 ਬੰਦੀ ਸਿੰਘਾਂ ਦੇ ਨਾਵਾਂ ਵਾਲੇ 9 ਵੱਖ-ਵੱਖ ਦਸਤਖਤੀ ਸਟਾਲ ਲਾਏ ਜਾਣਗੇ।

ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਲਈ ਸ਼ੁਰੂ ਹੋਈ ਇਹ ਸਹੂਲਤ

ਇਹ ਪ੍ਰਗਟਾਵਾ ਅੱਜ ਇਥੇ ਜਥੇਦਾਰ ਬਲਦੇਵ ਸਿੰਘ ਮਾਹਿਲਪੁਰੀ ਯਾਦਗਾਰੀ ਹਾਲ ਵਿਖੇ ਹੋਲਾ ਮਹੱਲਾ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਤਿਆਰੀਆਂ ਸਬੰਧੀ ਬੈਠਕ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ 80ਵਿਆਂ ਦੌਰਾਨ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਭਾਰਤੀ ਫੌਜ ਦੇ ਹਮਲੇ ਤੋਂ ਬਾਅਦ ਸਰਕਾਰੀ ਜਬਰ ਕਾਰਨ ਹਥਿਆਰਬੰਦ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਏ ਬਹੁਤ ਸਾਰੇ ਬੰਦੀ ਸਿੰਘ ਤਿੰਨ-ਤਿੰਨ ਦਹਾਕਿਆਂ ਤੋਂ ਜੇਲ੍ਹਾਂ ’ਚ ਨਜ਼ਰਬੰਦ ਹਨ, ਜਦਕਿ ਕਾਨੂੰਨ ਅਨੁਸਾਰ ਉਮਰ ਕੈਦੀ ਨੂੰ 10-15 ਸਾਲਾਂ ਦੀ ਕੈਦ ਤੋਂ ਬਾਅਦ ਰਿਹਾਅ ਕਰ ਦਿੱਤਾ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਰੱਦ ਕੀਤਾ ਇਹ ਮੁਕੱਦਮਾ

ਉਨ੍ਹਾਂ ਕਿਹਾ ਕਿ ਦੂਜੇ ਪਾਸੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਰਗਿਆਂ ਨੂੰ ਜਬਰ-ਜ਼ਿਨਾਹ ਅਤੇ ਡੇਰਾ ਪ੍ਰਬੰਧਕ ਸਮੇਤ ਇਕ ਪੱਤਰਕਾਰ ਦੇ ਕਤਲ ਵਰਗੇ ਸੰਗੀਨ ਅਪਰਾਧਾਂ ਦੇ ਦੋਸ਼ ‘ਚ ਸਜ਼ਾ ਹੋਣ ਦੇ ਬਾਵਜੂਦ ਪਿਛਲੇ 14 ਮਹੀਨਿਆਂ ’ਚ 4 ਵਾਰ ਪੈਰੋਲ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਇਸ ਵਿਤਕਰੇਬਾਜ਼ੀ ਕਾਰਨ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਸਿੱਖਾਂ ਦੀ ਕੌਮੀ ਚੇਤਨਾ ਦਾ ਹਿੱਸਾ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਥਕ ਭਾਵਨਾਵਾਂ ਦੀ ਨੁਮਾਇੰਦਗੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1 ਦਸੰਬਰ 2022 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਦਸਤਖਤੀ ਮੁਹਿੰਮ ਆਰੰਭ ਕੀਤੀ ਗਈ ਸੀ, ਜਿਸ ਦਾ ਟੀਚਾ ਘੱਟੋ-ਘੱਟ 30 ਲੱਖ ਦਸਤਖਤ ਕਰਵਾ ਕੇ ਭਾਰਤ ਦੇ ਰਾਸ਼ਟਰਪਤੀ ਅਤੇ ਸੰਯੁਕਤ ਰਾਸ਼ਟਰ ਤੱਕ ਸਿੱਖ ਭਾਵਨਾਵਾਂ ਨੂੰ ਪਹੁੰਚਾਉਣਾ ਹੈ।

ਇਹ ਖ਼ਬਰ ਵੀ ਪੜ੍ਹੋ : ਰਿਸ਼ਵਤ ਮਾਮਲੇ ਨੂੰ ਲੈ ਕੇ ‘ਆਪ’ ਵਿਧਾਇਕ ਅਮਿਤ ਰਤਨ ਦਾ ਵੱਡਾ ਬਿਆਨ

ਭਾਈ ਗਰੇਵਾਲ ਨੇ ਕਿਹਾ ਕਿ ਇਸੇ ਦੇ ਮੱਦੇਨਜ਼ਰ ਹੋਲਾ ਮਹੱਲਾ ਦੇ ਜੋੜ ਮੇਲੇ ਮੌਕੇ 9 ਬੰਦੀ ਸਿੰਘਾਂ ਦੇ ਨਾਵਾਂ ‘ਤੇ 9 ਵੱਖ-ਵੱਖ ਦਸਤਖਤੀ ਸਟਾਲ ਲਾਏ ਜਾਣਗੇ, ਜਿਨ੍ਹਾਂ ’ਚ ਇਕ ਸਟਾਲ ‘ਤੇ ਇਕ ਬੰਦੀ ਸਿੰਘ ਦੇ ਨਾਂਅ ਵਾਲਾ ਇਕ ਸਟਾਲ ਹੋਵੇਗਾ, ਜਿੱਥੇ ਉਨ੍ਹਾਂ ਦੀ ਰਿਹਾਈ ਲਈ ਸੰਗਤਾਂ ਕੋਲੋਂ ਦਸਤਖਤ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ 9 ਬੰਦੀ ਸਿੰਘਾਂ ਦੇ ਸਿੱਖ ਸੰਘਰਸ਼ ’ਚ ਯੋਗਦਾਨ, ਸੰਘਰਸ਼ਮਈ ਜੀਵਨ, ਕੁਰਬਾਨੀ ਅਤੇ ਉਨ੍ਹਾਂ ਦੀ ਜੇਲ੍ਹ ਯਾਤਰਾ ਬਾਰੇ ਜਾਣਕਾਰੀ ਸਬੰਧੀ ਕਿਤਾਬਚੇ ਛਪਵਾ ਕੇ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸਾਹਿਬ ਦੇ ਨੇੜੇ ਇਕ ਵੱਡ-ਅਕਾਰੀ ਐੱਲ.ਸੀ.ਡੀ. ਸਕਰੀਨ ਲਗਾ ਕੇ ਵੀ ਬੰਦੀ ਸਿੰਘਾਂ ਦੇ ਜੀਵਨ ਤੇ ਸੰਘਰਸ਼ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਦੁਆਬਾ ਜ਼ੋਨ ਦੇ ਧਰਮ ਪ੍ਰਚਾਰ ਇੰਚਾਰਜ ਭਾਈ ਗੁਰਬਖਸ਼ ਸਿੰਘ ਖਾਲਸਾ, ਵਧੀਕ ਸਕੱਤਰ ਸਿਮਰਜੀਤ ਸਿੰਘ ਕੰਗ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਮੈਨੇਜਰ ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ ਅਤੇ ਸੰਦੀਪ ਸਿੰਘ ਕਲੋਤਾ ਵੀ ਹਾਜ਼ਰ ਸਨ।


author

Manoj

Content Editor

Related News