ਐੱਸ.ਜੀ.ਪੀ.ਸੀ ਬੋਰਡ ਚੋਣਾਂ ਦੀ ਵੋਟਰ ਸੂਚੀ ਲਈ ਦਾਅਵੇ ’ਤੇ ਇਤਰਾਜ਼ ਦੀ ਮਿਤੀ ਵਧਾਈ

Friday, Jan 24, 2025 - 04:32 PM (IST)

ਐੱਸ.ਜੀ.ਪੀ.ਸੀ ਬੋਰਡ ਚੋਣਾਂ ਦੀ ਵੋਟਰ ਸੂਚੀ ਲਈ ਦਾਅਵੇ ’ਤੇ ਇਤਰਾਜ਼ ਦੀ ਮਿਤੀ ਵਧਾਈ

ਮੋਗਾ (ਗੋਪੀ ਰਾਊਕੇ) : ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸਾਂ ਤਹਿਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਸਾਰੰਗਲ ਦੀ ਅਗਵਾਈ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਪ੍ਰਾਪਤ ਹੋਏ ਫਾਰਮਾਂ ਦੇ ਅਧਾਰ ’ਤੇ ਤਿਆਰ ਕੀਤੀ ਗਈ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 3 ਜਨਵਰੀ 2025 ਨੂੰ ਕਰ ਦਿੱਤੀ ਗਈ ਸੀ। ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਤੋਂ ਬਾਅਦ ਇਸ ਸੂਚੀ ਲਈ ਦਾਅਵੇ ’ਤੇ ਇਤਰਾਜ ਪ੍ਰਾਪਤ ਕਰਨ ਦਾ ਆਖਰੀ ਦਿਨ 24 ਜਨਵਰੀ 2025 ਰੱਖਿਆ ਗਿਆ ਸੀ, ਪਰੰਤੂ ਹੁਣ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਪਾਸੋਂ ਪ੍ਰਾਪਤ ਹੋਏ ਆਦੇਸ਼ਾਂ ਤਹਿਤ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਮਿਤੀ 10 ਮਾਰਚ, 2025 ਤੱਕ ਵਧਾ ਦਿੱਤੀ ਗਈ ਹੈ। 

ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਉਕਤ ਦੇ ਮੱਦੇਨਜ਼ਰ ਜੇਕਰ ਕਿਸੇ ਵੱਲੋਂ ਸ਼੍ਰੋਮਣੀ ਗੁਰਦੁਆਰਾਪ੍ਰਬੰਧਕ ਕਮੇਟੀ (ਬੋਰਡ) ਦੀ ਵੋਟਰ ਸੂਚੀ ਸਬੰਧੀ ਕੋਈ ਦਾਅਵਾ (ਫਾਰਮ-1 ਕੇਸਾਧਾਰੀ ਸਿੱਖ ਲਈ) ਅਤੇ ਇਤਰਾਜ਼ (ਦਰਖਾਸਤ ਰਾਹੀਂ) ਜਮਾਂ ਕਰਵਾਉਣੀ ਹੈ ਤਾਂ ਉਹ ਸਬੰਧਤ ਰਿਵਾਇਜ਼ਿੰਗ ਅਥਾਰਿਟੀ ਪਾਸ ਇਸ ਮਿਤੀ ਤੱਕ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਬੋਰਡ ਚੋਣ ਹਲਕਾ ਨੰਬਰ 22-ਧਰਕਮੋਟ ਦੀ ਰਿਵਾਇਜਿੰਗ ਅਥਾਰਟੀ ਐੱਸ.ਡੀ.ਐੱਮ. ਧਰਮਕੋਟ, 23-ਮੋਗਾ ਦੀ ਐੱਸ.ਡੀ.ਐੱਮ. ਦਫਤਰ ਮੋਗਾ, 24-ਬੱਧਨੀਂ ਕਲਾਂ ਤੇ 25-ਨਿਹਾਲ ਸਿੰਘ ਵਾਲਾ ਦੀ ਐੱਸ.ਡੀ.ਐੱਮ. ਨਿਹਾਲ ਸਿੰਘ ਵਾਲਾ, 26-ਬਾਘਾ ਪੁਰਾਣਾ ਦੀ ਐੱਸ.ਡੀ.ਐੱਮ. ਬਾਘਾ ਪੁਰਾਣਾ, 27-ਘੱਲ ਕਲਾਂ ਦੀ ਰਿਵਾਇਜਿੰਗ ਅਥਾਰਟੀ ਐੱਸ.ਡੀ.ਐੱਮ. ਮੋਗਾ ਹੈ। ਸਬੰਧਤਾਂ ਵੱਲੋਂ ਇਨ੍ਹਾਂ ਦਫਤਰਾਂ ਵਿਚ ਦਰਖਾਸਤਾਂ ਦਿੱਤੀਆਂ ਜਾ ਸਕਦੀਆਂ ਹਨ।


author

Gurminder Singh

Content Editor

Related News