ਲੌਂਗੋਵਾਲ ਦੇ ਤੀਜੀ ਵਾਰ ਪ੍ਰਧਾਨ ਬਣਨ ''ਤੇ ''ਆਪ'' ਨੇ ਸੁਖਬੀਰ ਨੂੰ ਘੇਰਿਆ

11/27/2019 6:43:41 PM

ਚੰਡੀਗੜ੍ਹ : ਲੰਬੇ ਸੰਘਰਸ਼ ਅਤੇ ਵੱਡੀਆਂ ਕੁਰਬਾਨੀਆਂ ਨਾਲ ਹੋਂਦ 'ਚ ਆਈ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਨੇ ਆਪਣੇ ਸਵਾਰਥ ਲਈ ਮਿੱਟੀ 'ਚ ਮਿਲਾਉਣ ਦੀ ਕੋਈ ਕਸਰ ਨਹੀਂ ਛੱਡੀ। ਆਮ ਆਦਮੀ ਪਾਰਟੀ ਨੇ ਆਖਿਆ ਹੈ ਕਿ ਐੱਸ. ਜੀ. ਪੀ. ਸੀ. ਦੇ ਜਨਰਲ ਇਜਲਾਸ ਦੀ ਆੜ ਹੇਠ ਸੁਖਬੀਰ ਬਾਦਲ ਨੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗ ਜਿਸ 'ਲਿਫ਼ਾਫ਼ਾ ਕਲਚਰ' ਰਾਹੀਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਕ ਵਾਰ ਫਿਰ ਪ੍ਰਧਾਨ ਅਤੇ ਆਪਣੇ ਖੁਸ਼ਾਮਦੀਦਾਂ ਨੂੰ ਦੂਸਰੀਆਂ ਅਹੁਦੇਦਾਰੀਆਂ ਵੰਡੀਆਂ ਹਨ, ਇਹ ਨਾ ਕੇਵਲ ਸਮੁੱਚੇ ਸਿੱਖ ਪੰਥ ਨਾਲ ਸਗੋਂ ਲੋਕਤੰਤਰਿਕ ਵਿਵਸਥਾ ਨਾਲ ਖਿਲਵਾੜ ਹੈ।

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਕੁਲਵੰਤ ਸਿੰਘ ਪੰਡੋਰੀ, ਜੈ ਕਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ ਅਤੇ ਕੋਰ ਕਮੇਟੀ ਮੈਂਬਰ ਗੁਰਦਿੱਤ ਸਿੰਘ ਸੇਖੋਂ ਅਤੇ ਹਰਚੰਦ ਸਿੰਘ ਨੇ ਕਿਹਾ ਕਿ ਬਾਦਲਾਂ ਦੇ ਪਰਿਵਾਰ ਨੇ ਆਪਣੇ ਸਿਆਸੀ ਅਤੇ ਨਿੱਜੀ ਮੁਫਾਦਾਂ ਲਈ ਹਥਿਆਰ ਵਾਂਗ ਵਰਤਿਆ ਹੈ। ਇਸ ਸਵਾਰਥੀ ਨੀਤੀ ਤਹਿਤ ਬਾਦਲ ਪਰਿਵਾਰ ਆਪਣੀ ਜੇਬ 'ਚੋਂ ਪਰਚੀ ਰਾਹੀਂ ਹਮੇਸ਼ਾ ਕਮਜ਼ੋਰ ਨਿਰਭਰ, ਪਰਜੀਵੀ ਅਤੇ ਨਿਰਾਧਾਰ ਸਖਸ਼ ਨੂੰ ਐੱਸ. ਜੀ. ਪੀ. ਸੀ. ਦੀ ਕਮਾਨ ਸੌਂਪਦੇ ਆਏ ਹਨ। ਪਹਿਲਾਂ ਅਵਤਾਰ ਸਿੰਘ ਮੱਕੜ ਅਤੇ ਹੁਣ ਗੋਬਿੰਦ ਸਿੰਘ ਲੌਂਗੋਵਾਲ ਇਸ ਦੀ ਸਟੀਕ ਮਿਸਾਲ ਹਨ।

'ਆਪ' ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਬਤੌਰ ਐੱਸ. ਜੀ. ਪੀ. ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਖ਼ੁਸ਼ਾਮਦੀ ਕਰਦਿਆਂ ਬਾਦਲ ਪਰਿਵਾਰ ਲਈ ਵੱਖਰੀ ਸਟੇਜ ਲਗਵਾ ਕੇ ਗੁਰੂ ਦੀ ਗੋਲਕ ਦੇ ਕਰੋੜਾਂ ਰੁਪਏ ਪਾਣੀ ਵਾਂਗ ਵਹਾਏ, ਉਸ ਬਦਲੇ ਬਾਦਲ ਪਰਿਵਾਰ ਨੇ ਲੌਂਗੋਵਾਲ ਨੂੰ ਪ੍ਰਧਾਨ ਦੇ ਅਹੁਦੇ ਦਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਲੋਕਤੰਤਰ ਪ੍ਰਣਾਲੀ 'ਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਚਾ ਰੁਤਬਾ ਹੈ ਕਿਉਂਕਿ ਇਹ ਸੰਸਥਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਲੋਕਤੰਤਰਿਕ ਪ੍ਰਣਾਲੀ ਤਹਿਤ ਸੰਨ 1925 'ਚ ਹੋਂਦ 'ਚ ਆਈ ਸੀ ਪਰ ਬਾਦਲ ਪਰਿਵਾਰ ਨੇ ਆਪਣੀ ਹਉਮੈ ਅਤੇ ਸਵਾਰਥ ਲਈ ਐੱਸ. ਜੀ. ਪੀ. ਸੀ. ਅਤੇ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਜਮਹੂਰੀਅਤ ਵੀ ਛਿੱਕੇ 'ਤੇ ਟੰਗ ਦਿੱਤੀ। ਬਹੁਮਤ 'ਚ ਹੋਣ ਦੇ ਬਾਵਜੂਦ ਆਪਣੀ ਪਾਰਟੀ ਦੇ ਐੱਸ. ਜੀ. ਪੀ. ਸੀ. ਮੈਂਬਰਾਂ ਨੂੰ ਪ੍ਰਧਾਨ ਤੇ ਅਹੁਦੇਦਾਰ ਦੀ ਚੋਣ ਲਈ ਹਿੱਸੇਦਾਰ ਬਣਾਉਣਾ ਤਾਂ ਦੂਰ ਪੁੱਛਿਆ ਤੱਕ ਨਹੀਂ ਜਾਂਦਾ। 'ਆਪ' ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਲਾਂ ਤੋਂ ਲੰਬਿਤ ਪਈਆਂ ਆਮ ਚੋਣਾਂ ਨਾ ਕਰਾਏ ਜਾਣ ਨੂੰ ਲੋਕਤੰਤਰ ਦਾ ਘਾਣ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਬਾਦਲ, ਕੈਪਟਨ, ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਭ ਮਿਲੇ ਹੋਏ ਹਨ।


Gurminder Singh

Content Editor

Related News