ਸਰਕਾਰੀ ਸਕੂਲ ਦੇ ਕੰਪਿਊਟਰ ਟੀਚਰ ''ਤੇ ਸੈਕਸੂਅਲ ਹਰਾਸਮੈਂਟ ਦਾ ਕੇਸ ਦਰਜ

06/11/2018 6:22:37 AM

ਲੁਧਿਆਣਾ, (ਵਿੱਕੀ)- ਰਾਏਕੋਟ ਤਹਿਸੀਲ ਦੇ ਅਧੀਨ ਆਉਂਦੇ ਇਕ ਸਰਕਾਰੀ ਸਕੂਲ ਦੇ ਕੰਪਿਊਟਰ ਅਧਿਆਪਕ ਵਲੋਂ 8ਵੀਂ ਕਲਾਸ ਦੀ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਰਾਏਕੋਟ ਪੁਲਸ ਨੇ ਦੋਸ਼ੀ ਅਧਿਆਪਕ ਖਿਲਾਫ ਐੱਫ. ਆਈ. ਦਰਜ ਕਰ ਦਿੱਤੀ ਹੈ। ਪੁਲਸ ਨੇ ਟੀਚਰ 'ਤੇ ਇਹ ਮਾਮਲਾ ਦਰਜ ਕਰ ਕੇ ਹੈੱਡ ਟੀਚਰ ਦੇ ਬਿਆਨ 'ਤੇ ਆਈ. ਪੀ. ਸੀ. ਦੀ ਧਾਰਾ 354ਏ ਅਤੇ ਐਕਸਪੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਘਟਨਾ 2 ਮਈ ਦੀ ਹੈ। ਜਦ ਮੌਸਮ ਖਰਾਬ ਹੋਣ ਵੀ ਵਜ੍ਹਾ ਨਾਲ 8ਵੀਂ ਦੀ ਵਿਦਿਆਰਥਣ ਸਕੂਲ ਵਿਚ ਹੀ ਕੁੱਝ ਸਮੇਂ ਲਈ ਰੁਕ ਗਈ। ਉਸ ਦੌਰਾਨ ਦੋਸ਼ੀ ਕੰਪਿਊਟਰ ਅਧਿਆਪਕ ਵੀ ਸਕੂਲ ਵਿਚ ਹੀ ਮੌਜੂਦ ਸੀ। ਵਿਦਿਆਰਥਣ ਮੁਤਾਬਕ ਉਸ ਸਮੇਂ ਕੰਪਿਊਟਰ ਅਧਿਆਪਕ ਨੇ ਉਸ ਨਾਲ ਛੇੜ-ਛਾੜ ਕਰਨ ਦੀ ਕੋਸ਼ਿਸ਼ ਕਰਦਿਆਂ ਜਬਰਨ ਗਲੇ ਲਾਉਣ ਦਾ ਯਤਨ ਕੀਤਾ ਪਰ ਉਸ ਨੇ ਕਿਸੇ ਤਰ੍ਹਾਂ ਉਥੋਂ ਨਿਕਲ ਕੇ ਖੁਦ ਨੂੰ ਸੁਰੱਖਿਅਤ ਕੀਤਾ ਅਤੇ ਘਰ ਜਾ ਕੇ ਪੂਰੀ ਗੱਲ ਦੱਸੀ। ਇਸ ਤੋਂ ਬਾਅਦ ਵਿਦਿਆਰਥਣ ਦੇ ਮਾਮੇ ਨੇ ਜਦ ਸਕੂਲ ਵਿਚ ਹੈੱਡ ਟੀਚਰ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਮਾਮਲੇ ਦੀ ਜਾਂਚ ਦੇ ਬਾਅਦ ਘਟਨਾ ਸਹੀ ਪਾਈ ਗਈ ਪਰ ਸਕੂਲ ਪ੍ਰਸ਼ਾਸਨ ਵਲੋਂ ਦੋਸ਼ੀ ਟੀਚਰ 'ਤੇ ਕੋਈ ਕਾਰਵਾਈ ਨਾ ਕਰਨ ਦੇ ਬਾਅਦ ਵਿਦਿਆਰਥਣ ਦੇ ਮਾਮੇ ਨੇ ਪਿੰਡ ਦੀ ਪੰਚਾਇਤ ਦੇ ਸਾਹਮਣੇ ਉਕਤ ਗੱਲ ਰੱਖੀ, ਜਿਸ ਦੇ ਬਾਅਦ ਪੰਚਾਇਤ ਨੇ ਦੋਵਾਂ ਧਿਰਾਂ ਵਿਚ ਸਮਝੌਤਾ ਕਰਵਾ ਦਿੱਤਾ ਪਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਕਮਿਸ਼ਨ ਨੇ ਉਕਤ ਮਾਮਲੇ ਦਾ ਨੋਟਿਸ ਲੈਂਦੇ ਹੋਏ ਸਿੱਖਿਆ ਵਿਭਾਗ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਦੋਸ਼ੀ ਅਧਿਆਪਕ 'ਤੇ ਐੱਫ. ਆਈ. ਆਰ. ਦਰਜ ਕਰਨ ਦੇ ਆਦੇਸ਼ ਐੱਸ. ਐੱਸ. ਪੀ. ਜਗਰਾਓਂ ਨੂੰ ਦਿੱਤੇ ਸਨ। ਇਸ ਦੇ ਨਾਲ ਹੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਸਨ ਕਿ ਸਕੂਲ ਹੈੱਡ ਟੀਚਰ ਵਲੋਂ ਦੋਸ਼ੀ ਅਧਿਆਪਕ ਖਿਲਾਫ ਪੁਲਸ 'ਚ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਵਾਇਆ ਜਾਵੇ। ਇਥੇ ਦੱਸ ਦਈਏ ਕਿ ਸਿੱਖਿਆ ਵਿਭਾਗ ਦੇ ਡਿਪਟੀ ਡੀ. ਈ. ਓ. ਡਾ. ਚਰਨਜੀਤ ਸਿੰਘ ਨੇ ਉਕਤ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਸੀ ਅਤੇ ਜਾਂਚ ਰਿਪੋਰਟ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤੀ ਸੀ। 
ਜਗਰਾਓਂ ਦੇ ਐੱਸ. ਐੱਸ. ਪੀ. ਸੁਰਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਹੈੱਡ ਟੀਚਰ ਵਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਟੀਚਰ ਖਿਲਾਫ ਸੈਕਸੂਅਲ ਹਰਾਸਮੈਂਟ ਦਾ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। 


Related News