ਪਟਿਆਲਾ ਦੇ ਹੋਟਲ ''ਚ ਚੱਲ ਰਿਹਾ ਸੀ ਜਿਸਮ ਫਿਰੋਸ਼ੀ ਦਾ ਧੰਦਾ, ਪੁਲਸ ਦੇ ਛਾਪੇ ਦੌਰਾਨ ਔਰਤਾਂ ਸਣੇ 8 ਗ੍ਰਿਫ਼ਤਾਰ
Monday, Aug 02, 2021 - 10:50 AM (IST)
ਪਟਿਆਲਾ (ਬਲਜਿੰਦਰ) : ਇੱਥੇ ਬੱਸ ਸਟੈਂਡ ਦੇ ਪਿਛਲੇ ਪਾਸੇ ਬਣੇ ਇਕ ਹੋਟਲ ’ਚੋਂ ਪੁਲਸ ਨੇ ਛਾਪਾ ਮਾਰ ਕੇ ਜਿਸ਼ਮ ਫਿਰੋਸ਼ੀ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ’ਚ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ’ਚ 4 ਔਰਤਾਂ ਵੀ ਸ਼ਾਮਲ ਹਨ। ਇਹ ਛਾਪਾ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਭਿੰਡਰ ਅਤੇ ਥਾਣਾ ਲਾਹੌਰੀ ਗੇਟ ਦੇ ਐੱਸ. ਐੱਚ. ਓ. ਮਾਹਿਲ ਸਿੰਘ ਵੱਲੋਂ ਸਾਂਝੇ ਤੌਰ ’ਤੇ ਮਾਰਿਆ ਗਿਆ।
ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲਸ ਨੇ ਸ਼ੁਭਮ, ਹਿੰਮਤ ਸਿੰਘ, ਅਨੂਪ ਅਤੇ ਅਮਰਜੀਤ ਸਿੰਘ ਨਾਂ ਦੇ ਵਿਅਕਤੀਆਂ ਅਤੇ ਉਨ੍ਹਾਂ ਦੀਆਂ ਮਹਿਲਾ ਸਾਥਣਾਂ ਸਮੇਤ ਕੁੱਲ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ’ਚ 3 ਕੁੜੀਆਂ ਅਤੇ ਇਕ 40 ਸਾਲ ਦੀ ਮਹਿਲਾ ਵੀ ਸ਼ਾਮਲ ਸੀ। ਜਦੋਂ ਕਿ ਬਾਕੀਆਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਸੀ। ਇਸ ਤੋਂ ਇਲਾਵਾ ਹੋਟਲ ਦੇ ਮਾਲਕ ਵਕੀਲ ਸਿੰਘ ਉਰਫ਼ ਰਾਜੂ ਅਤੇ ਮੈਨੇਜਰ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦਰਦਨਾਕ ਘਟਨਾ, ਚੁੰਨ੍ਹੀ ਦੀ ਪੀਂਘ ਬਣਾ ਕੇ ਝੂਟ ਰਹੀ ਬੱਚੀ ਦੀ ਦਮ ਘੁੱਟਣ ਕਾਰਨ ਮੌਤ
ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਇੱਥੇ ਜਿਸਮਫਿਰੋਸ਼ੀ ਕਰਵਾਈ ਜਾਂਦੀ ਸੀ ਅਤੇ ਕੁੜੀਆਂ ਵੀ ਸਪਲਾਈ ਕੀਤੀਆਂ ਜਾਂਦੀਆਂ ਸਨ। ਪੁਲਸ ਵੱਲੋਂ ਗ੍ਰਿਫ਼ਤਾਰ ਵਿਅਕਤੀਆਂ ਅਤੇ ਮਹਿਲਾਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਟਲ ਦੇ ਮਾਲਕ ਅਤੇ ਮੈਨੇਜਰ ਨੂੰ ਵੀ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਡਾ. ਸੰਦੀਪ ਗਰਗ, ਐੱਸ. ਪੀ. ਸਿਟੀ ਵਰੁਣ ਸ਼ਰਮਾ ਅਤੇ ਡੀ. ਐੱਸ. ਪੀ. ਸਿਟੀ-1 ਹੇਮੰਤ ਸ਼ਰਮਾ ਵੱਲੋਂ ਸਾਫ ਨਿਰਦੇਸ਼ ਹਨ ਕਿ ਕੋਈ ਵੀ ਗੈਰ-ਕਾਨੂੰਨੀ ਕੰਮ ਨਾ ਹੋਣ ਦਿੱਤਾ ਜਾਵੇ।
ਇਸ ਸਬੰਧੀ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਅਤੇ ਪੁਲਸ ਵੱਲੋਂ ਤੁਰੰਤ ਟੀਮ ਬਣਾ ਕੇ ਰੇਡ ਕਰ ਦਿੱਤੀ ਗਈ। ਇਸ ਮਾਮਲੇ ’ਚ ਪੁਲਸ ਵੱਲੋਂ ਤਫਤੀਸ਼ ਜਾਰੀ ਹੈ। ਜੇਕਰ ਇਸ ਗੈਰ-ਕਾਨੂੰਨੀ ਕੰਮ ’ਚ ਕਿਸੇ ਵੀ ਹੋਰ ਵਿਅਕਤੀ ਦੀ ਮਿਲੀ-ਭੁਗਤ ਪਾਈ ਗਈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇੰਸ. ਭਿੰਡਰ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਫੋਨ ਨੰਬਰਾਂ ਦਾ ਰਿਕਾਰਡ ਕਢਵਾਇਆ ਜਾਵੇਗਾ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਸ ’ਚ ਹੋਰ ਕਿਹੜੇ ਵਿਅਕਤੀ ਸ਼ਾਮਲ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇੰਸ. ਗੁਰਪ੍ਰੀਤ ਸਿੰਘ ਭਿੰਡਰ ਨੇ ਭਾਦਸੋਂ ਰੋਡ ’ਤੇ ਜਿਸਮ ਫਿਰੋਸ਼ੀ ਦੇ ਅੱਡੇ ਦਾ ਪਰਦਾਫਾਸ਼ ਕੀਤਾ ਸੀ। ਹੁਣ ਫਿਰ ਤੋਂ ਉਨ੍ਹਾਂ ਵੱਲੋਂ ਹੀ ਇਸ ਆਪਰੇਸ਼ਨ ਦੀ ਅਗਵਾਈ ਕੀਤੀ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ