ਘਰ ਗਾਹਕ ਬੁਲਾ ਕੇ ਜੋੜਾ ਪਰੋਸਦਾ ਸੀ ਲੜਕੀਆਂ, ਇੰਝ ਹੋਇਆ ਦੇਹ ਵਪਾਰ ਦਾ ਪਰਦਾਫਾਸ਼
Wednesday, Aug 29, 2018 - 06:12 PM (IST)

ਜਲੰਧਰ (ਰਾਜੇਸ਼)— ਘਰ 'ਚ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਜੋੜੇ ਸਮੇਤ ਪੁਲਸ ਨੇ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਨੰ. 8 ਦੀ ਇੰਸਪੈਕਟਰ ਹਿਨਾ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਲਾਕੇ 'ਚ ਪਤੀ-ਪਤਨੀ ਦੇਹ ਵਪਾਰ ਦਾ ਧੰਦਾ ਕਰਦੇ ਹਨ ਜੋ ਆਪਣੇ ਘਰ 'ਚ ਹੀ ਔਰਤਾਂ ਨਾਲ ਗਾਹਕਾਂ ਨੂੰ ਮਿਲਵਾਉਂਦੇ ਹਨ। ਪੁਲਸ ਨੇ ਰੁਪਇਆਂ ਦਾ ਨੰਬਰ ਨੋਟ ਕਰਕੇ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਦੇ ਘਰ ਆਪਣੇ ਹੀ ਪੁਲਸ ਮੁਲਾਜ਼ਮ ਨੂੰ ਗਾਹਕ ਬਣਾ ਕੇ ਭੇਜਿਆ, ਜਿਸ 'ਤੇ ਉਸ ਨੇ ਪੁਲਸ ਮੁਲਾਜ਼ਮ ਨੂੰ ਔਰਤ ਨਾਲ ਮਿਲਵਾਇਆ।
ਇਸੇ ਦੌਰਾਨ ਥਾਣਾ ਨੰ. 8 ਦੀ ਪੁਲਸ ਨੇ ਉਥੇ ਛਾਪੇਮਾਰੀ ਕਰਕੇ ਨਾਭਾ ਉਰਫ ਬਹਾਦਰ ਅਤੇ ਉਸ ਦੀ ਪਤਨੀ ਸੀਮਾ ਵਾਸੀ ਪਰਸ਼ੂਰਾਮ ਨਗਰ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਉਨ੍ਹਾਂ ਦੇ ਘਰੋਂ 7-8 ਹੋਰ ਔਰਤਾਂ ਅਤੇ ਮਰਦਾਂ ਨੂੰ ਵੀ ਕਾਬੂ ਕੀਤਾ ਜੋ ਕਿ ਦੇਹ ਵਪਾਰ ਦਾ ਧੰਦਾ ਕਰ ਰਹੇ ਸਨ। ਥਾਣਾ ਮੁਖੀ ਹਿਨਾ ਗੁਪਤਾ ਨੇ ਦੱਸਿਆ ਕਿ ਪਰਸ਼ੂਰਾਮ ਨਗਰ 'ਚ ਦੇਹ ਵਪਾਰ ਦੇ ਧੰਦੇ 'ਚ ਲੱਗੇ ਪਤੀ-ਪਤਨੀ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਬਾਕੀ ਸਾਥੀ ਵੀ ਹਿਰਾਸਤ 'ਚ ਲੈ ਲਏ ਹਨ, ਜਿਨ੍ਹਾਂ ਬਾਰੇ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਜਾਵੇਗਾ। ਦੇਰ ਰਾਤ ਪੁਲਸ ਨੇ ਬਦਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਸੀ।