ਅਕਾਲੀ ਦਲ ਟਕਸਾਲੀ ਦਾ ਮੰਤਵ 1920 ਵਾਲਾ ਅਕਾਲੀ ਦਲ ਕਾਇਮ ਕਰਨਾ : ਸੇਖਵਾਂ

02/06/2020 6:34:34 PM

ਫਗਵਾੜਾ (ਹਰਜੋਤ)— ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੇ ਲੰਬਾ ਸਮਾਂ ਪਾਰਟੀ ਪ੍ਰਧਾਨ ਰਹਿਣ ਕਾਰਨ ਪਾਰਟੀ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਕਾਰਨ ਪਾਰਟੀ ਅੱਜ ਮਾੜੇ ਹਾਲਾਤਾਂ 'ਚ ਆ ਕੇ ਖੜ੍ਹ ਗਈ ਹੈ। ਇਹ ਪ੍ਰਗਟਾਵਾ ਅਕਾਲੀ ਦਲ (ਟਕਸਾਲ) ਦੇ ਜਨਰਲ ਸਕੱਤਰ ਸੇਵਾ ਸਿੰਘ ਸੇਖਵਾਂ ਨੇ ਪਿੰਡ ਸੰਗਤਪੁਰ ਵਿਖੇ ਗੱਲਬਾਤ ਕਰਦੇ ਕੀਤਾ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ 1920 ਵਾਲੇ ਅਕਾਲੀ ਦਲ ਦੀ ਸਥਿਤੀ ਨੂੰ ਤਿਆਗ ਕੇ ਅਕਾਲੀ ਦਲ 'ਚ ਵਪਾਰੀਕਰਨ ਦਾ ਯੁੱਗ ਪੈਦਾ ਕਰ ਦਿੱਤਾ ਹੈ, ਜਿਸ ਕਾਰਨ ਬਾਦਲ ਪਰਿਵਾਰ ਨੇ ਹਰ ਪੱਧਰ 'ਤੇ ਸਿਆਸਤ ਦਾ ਮੁੱਲ ਹੀ ਵੱਟਿਆ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਸਰਕਾਰ ਬਣਾਉਣ ਲਈ ਆਟਾ-ਦਾਲ ਵਰਗੀਆਂ ਕਈ ਸਕੀਮਾਂ ਲਾਗੂ ਕਰਕੇ ਵੋਟਰਾਂ ਨੂੰ ਭਰਮਾਉਣ ਦਾ ਕੰਮ ਕੀਤਾ। ਜਿਸ ਕਾਰਨ ਹੁਣ ਬਹੁਤੇ ਲੋਕ ਤਾਂ ਕੰਮ ਧੰਦਾ ਕਰਨ ਨੂੰ ਤਿਆਰ ਨਹੀਂ ਅਤੇ ਲੋਕ ਵਿਦੇਸ਼ਾਂ ਨੂੰ ਜਾ ਰਹੇ ਹਨ ਅਤੇ ਘਰਾਂ ਦੇ ਘਰ ਖਾਲੀ ਹੋ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਉਨ੍ਹਾਂ ਨੂੰ ਅਗਾਂਹ ਅਜਿਹੇ ਅਕਾਲੀ ਦਲ ਨੂੰ ਮੂੰਹ ਲਗਾਉਣ ਦੀ ਜ਼ਰੂਰਤ ਨਹੀਂ। ਸਾਡੀ ਪਾਰਟੀ ਦਾ ਟੀਚਾ ਹੈ ਕਿ 1920 ਵਾਲਾ ਅਤੇ ਕੁਰਬਾਨੀਆਂ ਵਾਲਾ ਅਕਾਲੀ ਦਲ ਕਾਇਮ ਕੀਤਾ ਜਾਵੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਤੋਂ ਮੁਕਤ ਕਰਵਾਇਆ ਜਾਵੇ।

ਅਕਾਲੀ ਦਲ ਤੇ ਕਾਂਗਰਸ ਨੇ ਮਿਲ ਕੇ ਖਟਾਈ 'ਚ ਪਾ ਦਿੱਤੇ ਬਿਕਰਮ ਮਜੀਠੀਆ 'ਤੇ ਲੱਗੇ ਨਸ਼ੇ ਦੇ ਦੋਸ਼
ਪੰਜਾਬ ਦੀ ਕਾਂਗਰਸ ਸਰਕਾਰ 'ਤੇ ਟਿੱਪਣੀ ਕਰਦਿਆਂ ਸੇਖਵਾਂ ਨੇ ਕਿਹਾ ਕਿ ਇਹ ਸਰਕਾਰ ਬਾਦਲ ਪਰਿਵਾਰ ਨਾਲ ਰਲੀ ਹੋਈ ਹੈ। ਕੈਪਟਨ ਵੱਲੋਂ ਆਪਣੀ ਸਰਕਾਰ ਦੌਰਾਨ ਇਨ੍ਹਾਂ ਨੂੰ ਹਿੱਸੇ ਦਿੱਤੇ ਜਾਂਦੇ ਹਨ ਅਤੇ ਇਨ੍ਹਾਂ ਦੀ ਸਰਕਾਰ ਦੌਰਾਨ ਕਾਂਗਰਸ ਨੂੰ ਹਿੱਸੇ ਮਿਲਦੇ ਹਨ। ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਫੜੀ ਗਈ ਹੈਰੋਇਨ ਦੀ ਵੱਡੀ ਖੇਪ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਰੈੱਕਟ ਵੱਡੇ ਪੱਧਰ 'ਤੇ ਚੱਲ ਰਿਹਾ ਹੈ ਅਤੇ ਜਿਸ ਅਕਾਲੀ ਆਗੂ ਦੀ ਇਹ ਕੋਠੀ ਹੈ ਉਸ ਨੂੰ ਪਹਿਲਾਂ ਹੀ ਲਾਂਬੇ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਏ 'ਤੇ ਲੱਗੇ ਨਸ਼ੇ ਦੇ ਦੋਸ਼ਾਂ ਨੂੰ ਅਕਾਲੀ ਅਤੇ ਕਾਂਗਰਸ ਸਰਕਾਰ ਨੇ ਰਲ ਮਿਲ ਕੇ ਖਟਾਈ 'ਚ ਪਾ ਦਿੱਤਾ ਹੈ ਅਤੇ ਇਸ ਖੇਪ ਦੀ ਬਰਾਮਦੀ ਨੇ ਅਕਾਲੀ ਦਲ ਦੇ ਆਗੂਆਂ ਦਾ ਅੰਦਰੂਨੀ ਚਿਹਰਾ ਨੰਗਾ ਕਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਵੀ ਕੁਝ ਨਹੀਂ ਬਣੇਗਾ, ਇਹ ਵੀ ਦੋਨਾਂ ਧਿਰਾਂ ਨੇ ਰਲ-ਮਿਲ ਕੇ ਇਸ ਨੂੰ ਦਬਾ ਹੀ ਦੇਣਾ ਹੈ। ਇਸ ਮੌਕੇ ਬਹਾਦਰ ਸਿੰਘ ਸੰਗਤਪੁਰ, ਜਗਪਾਲ ਸਿੰਘ ਗਿੱਲ, ਜਗੀਰ ਸਿੰਘ ਨੂਰ, ਮਾਸਟਰ ਜਸਪਾਲ ਸਿੰਘ ਗਰੇਵਾਲ, ਅਸ਼ਵਨੀ ਬਘਾਣੀਆ, ਸੁਖਬੀਰ ਸਿੰਘ ਕਿੰਨੜਾ, ਤਰਲੋਚਨ ਸਿੰਘ ਪਰਮਾਰ ਵੀ ਸ਼ਾਮਲ ਸਨ।


shivani attri

Content Editor

Related News