ਲੌਂਗੋਵਾਲ ''ਚ ਪੁਲਸ ਤੇ ਕਿਸਾਨਾਂ ''ਚ ਝੜਪ, ਥਾਣਾ ਮੁਖੀ ਸਣੇ ਕਈ ਜ਼ਖਮੀ

Tuesday, Sep 19, 2017 - 08:59 PM (IST)

ਲੌਂਗੋਵਾਲ ''ਚ ਪੁਲਸ ਤੇ ਕਿਸਾਨਾਂ ''ਚ ਝੜਪ, ਥਾਣਾ ਮੁਖੀ ਸਣੇ ਕਈ ਜ਼ਖਮੀ

ਲੌਂਗੋਵਾਲ (ਵਸ਼ਿਸ਼ਟ/ਵਿਜੇ) – ਪਟਿਆਲਾ ਵਿਖੇ 22 ਸਤੰਬਰ ਨੂੰ ਕਿਸਾਨਾਂ ਵੱਲੋਂ ਦਿੱਤੇ ਜਾਣ ਵਾਲੇ ਧਰਨੇ ਦੇ ਮੱਦੇਨਜ਼ਰ ਸੂਬੇ ਅੰਦਰ ਕਿਸਾਨ ਆਗੂਆਂ ਦੀ ਫੜੋ-ਫੜੀ ਤਹਿਤ ਮੰਗਲਵਾਰ ਦੇਰ ਸ਼ਾਮ ਇੱਥੇ ਪੁਲਸ ਅਤੇ ਕਿਸਾਨਾਂ ਦਰਮਿਆਨ ਜ਼ਬਰਦਸਤ ਝੜਪ ਹੋਣ ਦੀ ਖ਼ਬਰ ਮਿਲੀ ਹੈ। ਜਿਸਦੇ ਸਿੱਟੇ ਵਜੋਂ ਥਾਣਾ ਲੌਂਗੋਵਾਲ ਦੇ ਮੁਖੀ ਇੰਸਪੈਕਟਰ ਵਿਜੇ ਕੁਮਾਰ, ਮੁਨਸ਼ੀ ਹਰਦੇਵ ਸਿੰਘ ਤੋਂ ਇਲਾਵਾ ਕਿਸਾਨ ਆਗੂ ਮਨਪ੍ਰੀਤ ਸਿੰਘ ਮਨੀ, ਰਣਜੀਤ ਸਿੰਘ ਘੱਲੂ, ਸੁਰਜੀਤ ਕੌਰ ਅਤੇ ਰਣਜੀਤ ਕੌਰ ਜ਼ਖਮੀ ਹੋ ਗਏ। ਥਾਣਾ ਮੁਖੀ ਅਤੇ ਮੁਨਸ਼ੀ ਨੂੰ ਇਲਾਜ਼ ਲਈ ਸੰਗਰੂਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਲੌਂਗੋਵਾਲ ਵਿਖੇ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਬਣਿਆ ਹੋਇਆ ਹੈ ਅਤੇ ਗੁੱਗਾ ਮਾੜੀ ਨੇੜੇ ਕੁਝ ਹੀ ਸਮੇਂ 'ਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਇੱਕਠੇ ਹੋ ਕੇ ਰੋਸ ਪ੍ਰਦਰਸ਼ਨ ਅਰੰਭ ਕਰ ਦਿੱਤਾ ਹੈ ਅਤੇ ਦੂਜੇ ਪਾਸੇ ਐਸ.ਪੀ. ਹੈਡ ਕੁਆਰਟਰ ਅਤੇ ਡੀ.ਐਸ.ਪੀ. ਵਿਲੀਅਮ ਜ਼ੇਜੀ ਦੀ ਅਗਵਾਈ ਹੇਠ ਜ਼ਿਲੇ ਦੇ ਵੱਖ-ਵੱਖ ਥਾਣਿਆਂ ਤੋਂ ਪੁੱਜੀ ਪੁਲਸ ਕਾਰਨ ਲੌਂਗੋਵਾਲ ਕਸਬਾ ਪੁਲਸ ਛਾਉਣੀ 'ਚ ਤਬਦੀਲ ਹੋ ਗਿਆ। ਇਸ ਸਬੰਧ 'ਚ ਥਾਣਾ ਮੁਖੀ ਵਿਜੇ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਪਟਿਆਲਾ ਧਰਨੇ ਸਬੰਧੀ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਗਏ ਸੀ ਪ੍ਰੰਤੂ ਘਰਾਂ ਦੇ ਕੋਠਿਆਂ 'ਤੇ ਪਹਿਲਾਂ ਹੀ ਯੋਜਨਾਬੱਧ ਤਰੀਕੇ ਨਾਲ ਤਿਆਰ ਬੈਠੇ ਕਿਸਾਨਾਂ ਨੇ ਇੱਟਾਂ ਰੋੜਿਆਂ ਨਾਲ ਪੁਲਸ 'ਤੇ ਹਮਲਾ ਕਰ ਦਿੱਤਾ। ਦੂਜੇ ਪਾਸੇ ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲਾ ਜ. ਸਕੱਤਰ ਜਸਵਿੰਦਰ ਸਿੰਘ ਸੋਮਾ ਨੇ ਕਿਹਾ ਕਿ ਗੁੱਗਾ ਮਾੜੀ ਨੇੜੇ ਦੋ ਤਿੰਨ ਕਿਸਾਨਾਂ ਦੇ ਘਰਾਂ ਵਿੱਚ ਪੁਲਸ ਨੇ ਦਾਖਲ ਹੋ ਕੇ ਔਰਤਾਂ ਅਤੇ ਬੱਚਿਆਂ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ, ਜਦੋਂ ਨੇੜਲੇ ਲੋਕਾਂ ਨੇ ਇਸਦਾ ਵਿਰੋਧ ਕੀਤਾ ਤਾਂ ਪੁਲਸ ਨੇ ਲਾਠੀਚਾਰਜ਼ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਥਾਣੇ ਵਿੱਚ ਬਾਹਰਲੀ ਪੁਲਸ ਦੀ ਆਮਦ ਜ਼ਾਰੀ ਸੀ ਅਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਭਲਕੇ ਵੱਡਾ ਇੱਕਠ ਕਰਨ ਦੀ ਯੋਜਨਾ ਬਾਰੇ ਪਤਾ ਲੱਗਾ ਹੈ।


Related News