ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖੁਸ਼ਖਬਰੀ, ਨਹੀਂ ਖਾਣੇ ਪੈਣਗੇ ''ਚੰਡੀਗੜ੍ਹ'' ''ਚ ਧੱਕੇ
Saturday, Mar 09, 2019 - 12:40 PM (IST)
ਚੰਡੀਗੜ੍ਹ : ਪੰਜਾਬ ਦੇ ਵਿਦਿਆਰਥੀਆਂ ਨੂੰ ਹੁਣ ਆਪਣੀ ਡਿਗਰੀ ਜਾਂ ਡੀ. ਐੱਮ. ਸੀ. (ਡਿਟੇਲ ਮਾਰਕਸ ਸਰਟੀਫਿਕੇਟ) 'ਚ ਕੁਰੈਕਸ਼ਨ (ਸੋਧ) ਕਰਾਉਣ ਲਈ ਚੰਡੀਗੜ੍ਹ 'ਚ ਜਾ ਕੇ ਧੱਕੇ ਨਹੀਂ ਖਾਣੇ ਪੈਣਗੇ ਕਿਉਂਕਿ ਹੁਣ ਇਹ ਕੰਮ ਸੇਵਾ ਕੇਂਦਰਾਂ 'ਚ ਹੀ ਹੋ ਜਾਇਆ ਕਰੇਗਾ। ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਸੀਮਾ ਜੈਨ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਸਹਿਯੋਗ ਨਾਲ ਪੂਰੇ ਸੂਬੇ 'ਚ ਵਿਦਿਆਰਥੀਆਂ ਦੀ ਸਹੂਲਤ ਲਈ ਚਾਰ ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਹੁਣ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਡਿਗਰੀ ਅਤੇ ਡੀ. ਐੱਮ. ਸੀ. 'ਚ ਸੋਧ ਜਾਂ ਨਕਲੀ ਕਾਪੀ ਲਈ ਸਬੰਧਿਤ ਕਾਗਜ਼ਾਤ ਸੇਵਾ ਕੇਂਦਰਾਂ 'ਚ ਜਮ੍ਹਾਂ ਕਰਵਾ ਕੇ ਉੱਥੇ ਹੀ ਉਨ੍ਹਾਂ ਨੂੰ ਪ੍ਰਾਪਤ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਯੂਨੀਵਰਸਿਟੀ ਜਾਣ ਦੀ ਕੋਈ ਲੋੜ ਨਹੀਂ ਪਵੇਗੀ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ) ਅਤੇ ਪੰਜਾਬੀ ਯੂਨੀਵਰਸਿਟੀ (ਪਟਿਆਲਾ) ਦੇ ਵਿਦਿਆਰਥੀਆਂ ਨੂੰ ਵੀ ਅਜਿਹੀਆਂ ਸਹੂਲਤਾਂ ਸੇਵਾ ਕੇਂਦਰਾਂ 'ਚ ਮਿਲਣਗੀਆਂ, ਜਿਸ ਨਾਲ ਵਿਦਿਆਰਥੀਆਂ ਨੂੰ ਕਈ ਮੁਸ਼ਕਲਾਂ ਤੋਂ ਛੁਟਕਾਰਾ ਪ੍ਰਾਪਤ ਹੋਵੇਗਾ।
ਆਮ ਲੋਕਾਂ ਨੂੰ ਵੀ ਮਿਲੇਗੀ ਸਹੂਲਤ
ਸੀਮਾ ਜੈਨ ਨੇ ਦੱਸਿਆ ਕਿ ਲੋਕ ਪਾਣੀ ਅਤੇ ਸੀਵਰੇਜ ਦੇ ਬਿੱਲ ਅਤੇ ਈ-ਕੋਰਟ ਫੀਸ ਵੀ ਸੇਵਾ ਕੇਂਦਰਾਂ 'ਚ ਭਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ ਨੂੰ ਹੁਣ ਪਾਣੀ ਅਤੇ ਸੀਵਰੇਜ ਦੇ ਬਿੱਲ ਭਰਨ ਲਈ ਵਿਭਾਗ ਕੋਲ ਜਾਣ ਦੀ ਲੋੜ ਨਹੀਂ ਪਵੇਗੀ।