ਮੋਹਾਲੀ 'ਚ ਵਕੀਲ ਕਤਲਕਾਂਡ ਮਾਮਲੇ ਸਬੰਧੀ ਅਦਾਲਤ ਦਾ ਇਤਿਹਾਸਕ ਫੈਸਲਾ, ਸਾਰੇ ਦੋਸ਼ੀਆਂ ਨੂੰ ਹੋਈ ਉਮਰਕੈਦ

Wednesday, Nov 22, 2017 - 03:49 PM (IST)

ਮੋਹਾਲੀ 'ਚ ਵਕੀਲ ਕਤਲਕਾਂਡ ਮਾਮਲੇ ਸਬੰਧੀ ਅਦਾਲਤ ਦਾ ਇਤਿਹਾਸਕ ਫੈਸਲਾ, ਸਾਰੇ ਦੋਸ਼ੀਆਂ ਨੂੰ ਹੋਈ ਉਮਰਕੈਦ

ਚੰਡੀਗੜ੍ਹ (ਕੁਲਦੀਪ/ਜੱਸੋਵਾਲ) : ਮੋਹਾਲੀ 'ਚ 4 ਸਾਲ ਪੁਰਾਣੇ ਬਹੁਚਰਚਿਤ ਵਕੀਲ ਕਤਲਕਾਂਡ ਮਾਮਲੇ 'ਚ ਬੁੱਧਵਾਰ ਨੂੰ ਮੋਹਾਲੀ ਅਦਾਲਤ ਨੇ ਸਾਰੇ 9 ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਪਾਰਕਿੰਗ ਦੇ ਮਾਮੂਲੀ ਵਿਵਾਦ 'ਚ 27 ਫਰਵਰੀ, 2013 ਦੀ ਰਾਤ ਨੂੰ ਫੇਜ਼-3ਏ ਵਾਸੀ ਐਡਵੋਕੇਟ ਅਮਰਪ੍ਰੀਤ ਸੇਠੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੋਸ਼ੀ ਨਾਲ ਦੇ ਹੀ ਇਕ ਪੀ. ਜੀ. 'ਚ ਰਹਿੰਦੇ ਸਨ। ਐਡਵੋਕੇਟ ਸੇਠੀ ਨੇ ਉਨ੍ਹਾਂ ਨੂੰ ਘਰ ਦੇ ਬਾਹਰ ਗੱਡੀ ਖੜ੍ਹੀ ਕਰਨ ਤੋਂ ਮਨ੍ਹਾਂ ਕੀਤਾ ਸੀ, ਜਿਸ ਕਾਰਨ ਗੁੱਸੇ 'ਚ ਆਏ ਨੌਜਵਾਨ ਕੁਝ ਦੇਰ ਬਾਅਦ ਹਥਿਆਰਾਂ ਨਾਲ ਲੈਸ ਹੋ ਕੇ ਵਾਪਸ ਆਏ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੌਰਾਨ ਸੇਠੀ ਦੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦਾ ਭਰਾ ਅਤੇ ਦੋਸਤ ਜ਼ਖਮੀ ਹੋ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਇਸ ਕਤਲਕਾਂਡ ਮਾਮਲੇ 'ਚ 3 ਦੋਸ਼ੀਆਂ ਨੂੰ ਹਾਈਕੋਰਟ ਵਲੋਂ ਜ਼ਮਾਨਤ ਵੀ ਮਿਲ ਗਈ ਸੀ ਪਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀਆਂ 'ਚ ਧਰਮਿੰਦਰ ਘੁਘਨੀ (ਕਾਂਟਰੈਕਟ ਕਿਲਰ), ਰਜਤ ਸ਼ਰਮਾ, ਸੁਨੀਲ ਭਨੋਟ, ਦੀਪਕ ਕੌਸ਼ਲ, ਕੇਵਲ ਸੁਸ਼ਾਂਤ ਵਿਸ਼ਾਲ ਸ਼ੇਰਾਵਤ, ਲੁਧਿਆਣਾ ਦਿਹਾਤੀ ਤੋਂ ਐੱਸ. ਜੀ. ਪੀ. ਸੀ. ਮੈਂਬਰ ਰਣਜੀਤ ਸਿੰਘ ਦਾ ਬੇਟਾ ਜਸਵਿੰਦਰ ਸਿੰਘ ਮੰਗਲੀ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਦੋ ਰਿਸ਼ਤੇਦਾਰ ਤਨਵੀਰ ਸਿੰਘ ਅਤੇ ਓਂਕਾਰ ਸਿੰਘ ਵੀ ਸ਼ਾਮਲ ਹਨ। ਮੋਹਾਲੀ 'ਚ ਜੱਜ ਅਰਚਨਾ ਪੁਰੀ ਦੀ ਅਦਾਲਤ 'ਚ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ, ਜਿਸ 'ਤੇ ਗੱਲ ਕਰਦੇ ਹੋਏ ਮ੍ਰਿਤਕ ਦੇ ਚਾਚਾ ਅਤੇ ਮੋਹਾਲੀ ਦੇ ਡਿਪਟੀ ਮੇਅਰ ਮਨਜੀਤ ਸੇਠੀ ਜੀ ਨੇ ਦੱਸਿਆ ਕਿ ਉਨ੍ਹਾਂ ਨੂੰ ਅਦਾਲਤ ਅਤੇ ਕਾਨੂੰਨ 'ਤੇ ਪੂਰਾ ਭਰੋਸਾ ਸੀ ਅਤੇ ਅੱਜ ਉਨ੍ਹਾਂ ਨੂੰ ਇਨਸਾਫ ਮਿਲ ਗਿਆ ਹੈ।


Related News