ਸੇਵਾ ਕੇਂਦਰਾਂ ''ਚ ਸੇਵਾਵਾਂ ਠੱਪ, ਲੋਕ ਪ੍ਰੇਸ਼ਾਨ

01/14/2018 7:42:23 AM

ਮਾਛੀਵਾੜਾ ਸਾਹਿਬ  (ਟੱਕਰ, ਸਚਦੇਵਾ) - ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਲੋਕਾਂ ਨੂੰ ਤਹਿਸੀਲਾਂ 'ਚ ਖੱਜਲ-ਖੁਆਰੀ ਤੇ ਦੂਰ-ਦੁਰਾਡੇ ਜਾਣ ਤੋਂ ਬਚਾਉਣ ਲਈ ਪਿੰਡਾਂ ਤੇ ਸ਼ਹਿਰਾਂ ਵਿਚ ਸੇਵਾ ਕੇਂਦਰ ਖੋਲ੍ਹੇ ਗਏ ਸਨ, ਜਿਥੇ ਕਿ ਲੋਕ ਆਪਣੇ ਵੱਖ-ਵੱਖ ਤਰ੍ਹਾਂ ਦੇ 62 ਕੰਮ ਇਨ੍ਹਾਂ ਕੇਂਦਰਾਂ 'ਚ ਜਾ ਕੇ ਕਰਵਾ ਸਕਦੇ ਸਨ ਪਰ ਹੁਣ ਕਾਂਗਰਸ ਸਰਕਾਰ ਦੇ ਰਾਜ ਸਮੇਂ ਇਨ੍ਹਾਂ 'ਚੋਂ ਕੁਝ ਦੇ ਬਿਜਲੀ ਬਿੱਲ ਅਦਾ ਨਾ ਹੋਣ ਕਾਰਨ ਇਨ੍ਹਾਂ ਦੀਆਂ ਸੇਵਾਵਾਂ ਠੱਪ ਹੋ ਗਈਆਂ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਾਛੀਵਾੜਾ ਬਲਾਕ ਅਧੀਨ ਲੋਕਾਂ ਨੂੰ ਸਹੂਲਤ ਦੇਣ ਲਈ 7 ਪਿੰਡਾਂ 'ਚ ਤੇ 2 ਮਾਛੀਵਾੜਾ ਸ਼ਹਿਰ ਅੰਦਰ ਸੇਵਾ ਕੇਂਦਰ ਖੋਲ੍ਹੇ ਗਏ ਹਨ ਪਰ ਕੁਝ ਦਿਨਾਂ ਤੋਂ ਪਿੰਡ ਸ਼ੇਰਪੁਰ ਬੇਟ, ਹੇਡੋਂ ਬੇਟ, ਹੰਬੋਵਾਲ ਬੇਟ, ਝੜੌਦੀ, ਮਾਛੀਵਾੜਾ ਸਬ-ਤਹਿਸੀਲ ਤੇ ਰਾਹੋਂ ਰੋਡ 'ਤੇ ਖੋਲ੍ਹੇ ਸੇਵਾ ਕੇਂਦਰਾਂ ਦੇ ਬਿਜਲੀ ਦੇ ਬਿੱਲ ਅਦਾ ਨਾ ਹੋਣ ਕਾਰਨ ਇਨ੍ਹਾਂ ਦੀਆਂ ਸੇਵਾਵਾਂ ਲੋਕਾਂ ਨੂੰ ਮਿਲਣੀਆਂ ਠੱਪ ਹੋ ਗਈਆਂ ਹਨ। ਇਨ੍ਹਾਂ ਸੇਵਾ ਕੇਂਦਰਾਂ ਵਿਚ ਆਉਣ ਵਾਲੇ ਰੋਜ਼ਾਨਾ ਹੀ ਸੈਂਕੜੇ ਲੋਕ ਸੇਵਾਵਾਂ ਠੱਪ ਹੋਣ ਕਾਰਨ ਇਥੋਂ ਕਈ ਕਿਲੋਮੀਟਰ ਦੂਰ ਸਮਰਾਲਾ ਤਹਿਸੀਲ ਵਿਚ ਜਾ ਕੇ ਆਪਣਾ ਕੰਮ ਕਰਵਾਉਣ ਲਈ ਮਜਬੂਰ ਹਨ।
ਹੋਰ ਤਾਂ ਹੋਰ ਲੋਕਾਂ ਦਾ ਹਲਫੀਆ ਬਿਆਨ ਤਸਦੀਕ ਕਰਵਾਉਣ ਲਈ ਜਿਥੇ ਪਹਿਲਾਂ ਸੇਵਾ ਕੇਂਦਰਾਂ ਵਿਚ ਜਾ ਕੇ ਕੰਮ ਹੋ ਜਾਂਦਾ ਸੀ, ਉਥੇ ਹੁਣ ਇਸ ਛੋਟੇ ਜਿਹੇ ਕੰਮ ਲਈ ਵੀ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੂੰ ਸੇਵਾ ਕੇਂਦਰਾਂ ਨਾਲ ਸਬੰਧਤ ਕੰਮਾਂ (ਜ਼ਮੀਨ ਦੀ ਨਿਸ਼ਾਨਦੇਹੀ, ਵਿਆਹ ਦੀ ਰਜਿਸਟ੍ਰੇਸ਼ਨ, ਆਧਾਰ ਕਾਰਡ ਬਣਾਉਣਾ ਆਦਿ) ਲਈ ਵੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ।
ਪੰਜਾਬ ਸਰਕਾਰ ਵਲੋਂ ਇਨ੍ਹਾਂ ਸੇਵਾ ਕੇਂਦਰਾਂ ਦਾ ਕੰਮ ਇਕ ਪ੍ਰਾਈਵੇਟ ਕੰਪਨੀ ਡੀ. ਐੱਲ. ਐੱਫ. ਇੰਟਰਨੈਸ਼ਨਲ ਨੂੰ ਸੌਂਪਿਆ ਗਿਆ ਹੈ, ਜਿਸ ਵਿਚ ਇਸ ਕੰਪਨੀ ਨੇ ਹੀ ਮੁਲਾਜ਼ਮ ਰੱਖੇ ਹੋਏ ਹਨ ਪਰ ਹੁਣ ਮਾਛੀਵਾੜਾ ਸ਼ਹਿਰ ਦੇ 2 ਸੇਵਾ ਕੇਂਦਰ, ਜਿਨ੍ਹਾਂ ਦਾ ਬਿਜਲੀ ਬਿੱਲ 80-80 ਹਜ਼ਾਰ ਤੇ ਪਿੰਡਾਂ ਦੇ ਸੇਵਾ ਕੇਂਦਰਾਂ ਦਾ 40-40 ਹਜ਼ਾਰ ਰੁਪਏ ਬਣਦਾ ਹੈ, ਦੀ ਅਦਾਇਗੀ ਨਾ ਹੋਣ ਕਾਰਨ ਬਿਜਲੀ ਵਿਭਾਗ ਵਲੋਂ ਇਨ੍ਹਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ, ਜਿਸ ਕਾਰਨ ਇਨ੍ਹਾਂ ਸੇਵਾ ਕੇਂਦਰਾਂ ਵਿਚ ਸੇਵਾਵਾਂ ਠੱਪ ਹੋ ਗਈਆਂ।
ਸੇਵਾ ਕੇਂਦਰਾਂ 'ਚ ਬੈਠੇ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਡਿਊਟੀ 'ਤੇ ਆ ਜਾਂਦੇ ਹਨ ਤੇ ਸ਼ਾਮ ਤਕ ਬਿਜਲੀ ਨਾ ਹੋਣ ਕਾਰਨ ਵਿਹਲੇ ਬੈਠ ਕੇ ਚਲੇ ਜਾਂਦੇ ਹਨ। ਰੋਜ਼ਾਨਾ ਹੀ ਸੈਂਕੜੇ ਲੋਕ ਪ੍ਰੇਸ਼ਾਨ ਹੋ ਕੇ ਵਾਪਸ ਹੋਰਨਾਂ ਕੇਂਦਰਾਂ ਵਿਚ ਆਪਣਾ ਕੰਮ ਕਰਵਾਉਣ ਲਈ ਜਾ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਨੇ ਵੀ ਆਪਣਾ ਦੁੱਖੜਾ ਸੁਣਾਉਂਦਿਆਂ ਦੱਸਿਆ ਕਿ ਉਨ੍ਹਾਂ ਨੂੰ ਵੀ 4 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ।
ਕਾਂਗਰਸ ਸਰਕਾਰ ਪਹਿਲੀਆਂ ਸਹੂਲਤਾਂ ਵੀ ਖੋਹਣ ਲੱਗੀ : ਖੀਰਨੀਆ
ਹਲਕਾ ਸਮਰਾਲਾ ਤੋਂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 10 ਮਹੀਨਿਆਂ ਵਿਚ ਲੋਕਾਂ ਨੂੰ ਇਕ ਵੀ ਨਵੀਂ ਸਹੂਲਤ ਨਹੀਂ ਦਿੱਤੀ, ਜਦਕਿ ਜੋ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਲੋਕ ਸੇਵਾਵਾਂ ਦਿੱਤੀਆਂ ਜਾ ਰਹੀਆਂ ਸਨ ਉਹ ਵੀ ਖੋਹੀਆਂ ਜਾ ਰਹੀਆਂ ਹਨ, ਜੋ ਕਿ ਬਹੁਤ ਹੀ ਮੰਦਭਾਗਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਪਿੰਡਾਂ 'ਚ ਸੇਵਾ ਕੇਂਦਰ ਖੋਲ੍ਹ ਕੇ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਇਆ ਸੀ ਪਰ ਹੁਣ ਕਾਂਗਰਸ ਸਰਕਾਰ ਇਹ ਸੇਵਾ ਕੇਂਦਰ ਬੰਦ ਕਰਨ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ 'ਚ ਬੜੀ ਵੱਡੀ ਮੁਸ਼ਕਿਲ ਖੜ੍ਹੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਲੋਕ ਕਾਂਗਰਸ ਨੂੰ ਸੱਤਾ ਵਿਚ ਲਿਆ ਕੇ ਪਛਤਾਅ ਰਹੇ ਹਨ।


Related News