ਹੁਣ ਸੇਵਾ ਕੇਂਦਰਾਂ ''ਚ ਹੀ ਮਿਲਣਗੀਆਂ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨਾਲ ਸੰਬੰਧਤ ਸੇਵਾਵਾਂ: ਡੀ. ਸੀ.

Tuesday, Oct 10, 2017 - 12:54 PM (IST)

ਹੁਣ ਸੇਵਾ ਕੇਂਦਰਾਂ ''ਚ ਹੀ ਮਿਲਣਗੀਆਂ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨਾਲ ਸੰਬੰਧਤ ਸੇਵਾਵਾਂ: ਡੀ. ਸੀ.

ਰੂਪਨਗਰ(ਵਿਜੇ)— ਪੰਜਾਬ ਸਰਕਾਰ ਵੱਲੋਂ ਸੂਬੇ 'ਚ ਲੋਕਾਂ ਨੂੰ ਇਕ ਛੱਤ ਹੇਠਾਂ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚਲਾਏ ਜਾ ਰਹੇ ਸੇਵਾ ਕੇਂਦਰਾਂ ਰਾਹੀਂ ਹੁਣ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨਾਲ ਸੰਬੰਧਤ ਸੇਵਾਵਾਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤਹਿਤ ਉਸਾਰੀ ਮਜ਼ਦੂਰ 3 ਸਾਲ, 5 ਸਾਲ ਅਤੇ 7 ਸਾਲ ਲਈ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਜ਼ਿਕਰਯੋਗ ਹੈ ਕਿ ਜ਼ਿਲੇ 'ਚ 72 ਸੇਵਾ ਕੇਂਦਰ ਚੱਲ ਰਹੇ ਹਨ, ਜਿੱਥੇ ਲੋਕਾਂ ਨੂੰ ਪਹਿਲਾਂ ਹੀ ਵੱਖ-ਵੱਖ 95 ਸਰਕਾਰੀ ਸੇਵਾਵਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਇਹ ਸੇਵਾ ਕੇਂਦਰ ਸ਼ਨੀਵਾਰ ਨੂੰ ਵੀ ਸਵੇਰੇ 9.30 ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ। ਉਨ੍ਹਾਂ ਨੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਸੇਵਾਵਾਂ ਹਾਸਲ ਕਰਨ ਵਾਲੇ ਵਿਅਕਤੀਆਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ।
ਉਨ੍ਹਾਂ ਨੇ ਦੱਸਿਆ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਨਾਲ ਸੰਬੰਧਤ 5 ਸੇਵਾਵਾਂ ਵੀ ਜ਼ਿਲੇ ਦੇ ਸਾਰੇ ਸੇਵਾ ਕੇਂਦਰਾਂ 'ਚ ਕਿਸੇ ਵੀ ਥਾਂ 'ਤੇ ਅਰਜ਼ੀ ਦੇ ਕੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿਚ ਰਿਹਾਇਸ਼ੀ ਇਮਾਰਤੀ ਨਕਸ਼ੇ/ਸੋਧੇ ਇਮਾਰਤੀ ਨਕਸ਼ੇ ਦੀ ਪ੍ਰਵਾਨਗੀ, ਵਪਾਰਕ ਇਮਾਰਤੀ ਨਕਸ਼ੇ/ਸੋਧੇ ਨਕਸ਼ੇ ਦੀ ਪ੍ਰਵਾਨਗੀ, ਇਮਾਰਤ ਲਈ ਮੁਕੰਮਲਤਾ ਸਰਟੀਫਿਕੇਟ/ਕਬਜ਼ਾ ਸਰਟੀਫਿਕੇਟ, ਇਤਰਾਜ਼ਹੀਣਤਾ ਸਰਟੀਫਿਕੇਟ/ਡੁਪਲੀਕੇਟ ਅਲਾਟਮੈਂਟ/ਰੀ-ਅਲਾਟਮੈਂਟ ਪੱਤਰ, ਜਲ ਸਪਲਾਈ ਤੇ ਸੀਵਰੇਜ ਕੁਨੈਕਸ਼ਨ ਸ਼ਾਮਲ ਹਨ। ਉਨ੍ਹਾਂ ਨੇ ਜ਼ਿਲੇ ਦੇ ਗਮਾਡਾ ਨਾਲ ਸੰਬੰਧਤ ਕੰਮ ਵਾਲੇ ਲੋਕਾਂ ਨੂੰ ਇਹ ਸੇਵਾਵਾਂ ਸੰਬੰਧੀ ਸੇਵਾ ਕੇਂਦਰਾਂ ਦਾ ਲਾਭ ਲੈਣ ਦੀ ਅਪੀਲ ਕੀਤੀ।


Related News