ਬੈਂਸ ਨੇ ਬੀ. ਐੱਲ. ਐੱਸ. ਕੰਪਨੀ ਦੇ ਦਫਤਰ ਦੇ ਬਾਹਰ ਕੀਤਾ ਰੋਸ ਵਿਖਾਵਾ
Tuesday, Apr 17, 2018 - 05:28 PM (IST)

ਲੁਧਿਆਣਾ (ਪਾਲੀ)-ਪੰਜਾਬ ਭਰ ਵਿਚ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਸੇਵਾ ਕੇਂਦਰਾਂ ਵਿਚ ਕੰਮ ਕਰ ਰਹੇ ਪ੍ਰਾਈਵੇਟ ਮੁਲਾਜ਼ਮਾਂ ਨੂੰ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਫਿਰੋਜ਼ਗਾਂਧੀ ਮਾਰਕੀਟ ਵਿਖੇ ਬੀ. ਐੱਲ. ਐੱਸ. ਪ੍ਰਾਈਵੇਟ ਕੰਪਨੀ ਦਫਤਰ ਦੇ ਅੱਗੇ ਧਰਨਾ ਲਾ ਕੇ ਰੋਸ ਵਿਖਾਵਾ ਕੀਤਾ।
ਇਸ ਮੌਕੇ ਵਿਧਾਇਕ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ ਲਈ ਖੋਲ੍ਹੇ ਗਏ ਸੇਵਾ ਕੇਂਦਰ ਵਿਚ 13 ਹਜ਼ਾਰ ਦੇ ਕਰੀਬ ਪੰਜਾਬ ਭਰ ਵਿਚ ਪ੍ਰਾਈਵੇਟ ਮੁਲਾਜ਼ਮ ਲਾਏ ਗਏ ਹਨ। ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰ ਦਾ ਠੇਕਾ ਪ੍ਰਾਈਵੇਟ ਕੰਪਨੀ ਬੀ. ਐੱਲ. ਐੱਸ. ਨੂੰ ਦਿੱਤਾ ਗਿਆ ਹੈ। ਜਦੋਂ ਉਨ੍ਹਾਂ ਨੇ ਕੰਪਨੀ ਦੇ ਜ਼ੋਨਲ ਹੈੱਡ ਅਮਿਤਵਾ ਗੋਸ਼ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪੰਜਾਬ ਸਰਕਾਰ ਪ੍ਰਾਈਵੇਟ ਕੰਪਨੀ ਬੀ. ਐੱਲ. ਐੱਸ. ਨੂੰ 203 ਕਰੋੜ ਰੁਪਏ ਦੀ ਰਕਮ ਪਿਛਲੇ ਕਈ ਮਹੀਨਿਆਂ ਤੋਂ ਨਹੀਂ ਅਦਾ ਕਰ ਰਹੀ, ਜਿਸ ਕਾਰਨ ਸੇਵਾ ਕੇਂਦਰ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਣ ਵਿਚ ਦੇਰੀ ਹੋ ਰਹੀ ਹੈ।
ਵਿਧਾਇਕ ਬੈਂਸ ਨੇ ਕਿਹਾ ਕਿ ਪ੍ਰਾਈਵੇਟ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਇਸ ਤਨਖਾਹ 'ਤੇ ਨਿਰਭਰ ਹੈ। ਮੁਲਾਜ਼ਮਾਂ ਦੇ ਪਰਿਵਾਰ ਵੀ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਪਰ ਸਰਕਾਰ ਤੇ ਪ੍ਰਾਈਵੇਟ ਕੰਪਨੀ 'ਤੇ ਕੋਈ ਅਸਰ ਨਹੀਂ ਹੋ ਰਿਹਾ।
ਵਿਧਾਇਕ ਬੈਂਸ ਨੇ ਦੱਸਿਆ ਕਿ ਸੇਵਾ ਕੇਂਦਰ ਵਿਚ ਕੰਮ ਕਰ ਰਹੇ ਪ੍ਰਾਈਵੇਟ ਮੁਲਾਜ਼ਮਾਂ ਦੀ ਪਿਛਲੇ 5 ਮਹੀਨਿਆਂ ਤੋਂ 40 ਕਰੋੜ ਦੇ ਕਰੀਬ ਪੰਜਾਬ ਭਰ ਵਿਚ ਤਨਖਾਹ ਬਾਕੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸੇਵਾ ਕੇਂਦਰ ਵਿਚ ਕਰ ਰਹੇ ਪ੍ਰਾਈਵੇਟ ਮੁਲਾਜ਼ਮਾਂ ਨੂੰ ਜਲਦ ਤੋਂ ਜਲਦ ਤਨਖਾਹਾਂ ਅਦਾ ਕੀਤੀਆਂ ਜਾਣ, ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਬੀ. ਐੱਲ. ਐੱਸ. ਕੰਪਨੀ ਦੇ ਚੀਫ ਆਪਰੇਟਿੰਗ ਅਫਸਰ ਰਜਿਤ ਮੁਣਸ਼ੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲ ਉਨ੍ਹਾਂ ਦੀ ਕੰਪਨੀ ਦਾ 200 ਕਰੋੜ ਤੋਂ ਉੱਪਰ ਰਕਮ ਬਕਾਇਆ ਹੈ ਪਰ ਪਿਛਲੇ ਹਫਤੇ ਸਰਕਾਰ ਵੱਲੋਂ ਬੁੱਧਵਾਰ ਨੂੰ ਦਿੱਤੀ ਗਈ ਰਕਮ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੂੰ ਵੀਰਵਾਰ ਹੀ ਟਰਾਂਸਫਰ ਕਰ ਦਿੱਤੀ ਗਈ ਸੀ।