ਜ਼ਿਆਦਾ ਮੋਟਾਪਾ ਖੜ੍ਹਾ ਕਰ ਸਕਦੈ ਸਿਆਪਾ! ਲੱਗ ਸਕਦੀਆਂ ਨੇ ਗੰਭੀਰ ਬੀਮਾਰੀਆਂ

Tuesday, Mar 04, 2025 - 02:43 PM (IST)

ਜ਼ਿਆਦਾ ਮੋਟਾਪਾ ਖੜ੍ਹਾ ਕਰ ਸਕਦੈ ਸਿਆਪਾ! ਲੱਗ ਸਕਦੀਆਂ ਨੇ ਗੰਭੀਰ ਬੀਮਾਰੀਆਂ

ਚੰਡੀਗੜ੍ਹ (ਸ਼ੀਨਾ) : ਸਰੀਰ 'ਚ ਮੋਟਾਪੇ ਨੂੰ ਬੀ. ਐੱਮ. ਆਈ, ਦੀ ਮਦਦ ਨਾਲ ਮਾਪਿਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਬੀ. ਐੱਮ. ਆਈ. ਮਾਤਰਾ 18-25 ਦਾ ਸਿਹਤਮੰਦ ਮੰਨਿਆ ਜਾਂਦਾ ਹੈ, 25-30 ਜ਼ਿਆਦਾ ਭਾਰ ਅਤੇ 30 ਤੋਂ ਵੱਧ ਬੀ. ਐੱਮ. ਆਈ. ਤੁਹਾਨੂੰ ਮੋਟਾਪੇ ਦੀ ਸ਼੍ਰੇਣੀ 'ਚ ਪਾਉਂਦਾ ਹੈ, ਜੋ ਕਿ ਸਰੀਰ ਲਈ ਬਹੁਤ ਘਾਤਕ ਹੋ ਜਾਂਦਾ ਹੈ। ਪੀ. ਜੀ. ਆਈ. ਦੇ ਐਂਡੋਕਰੀਨੋਲੋਜੀ ਵਿਭਾਗ ਦੇ ਮੁਖੀ ਡਾ. ਸੰਜੇ ਭਦਾੜਾ ਨੇ ਜਾਣਕਾਰੀ ਦਿੰਦੇ ਕਿਹਾ ਕਿ ਕੈਲੋਰੀ ਡੈਂਸ ਭੋਜਨ ਜਿਵੇਂ ਕਿ ਪ੍ਰੋਸੈਸਡ, ਫਾਸਟ ਫੂਡ, ਬਾਹਰ ਦਾ ਭੋਜਨ, ਮਾਸਾਹਾਰੀ, ਜ਼ਿਆਦਾ ਮਿੱਠੇ ਪੀਣ ਵਾਲੇ ਪਦਾਰਥ ਜਾਂ ਕੋਲਡ ਡਰਿੰਕਸ ਪੀਣਾ, ਬਹੁਤ ਜ਼ਿਆਦਾ ਸ਼ਰਾਬ ਪੀਣਾ ਦੇ ਨਾਲ ਵੱਧ ਮੋਟਾਪਾ ਹੋ ਰਿਹਾ ਹੈ।

PunjabKesari

ਇਸ ਤੋਂ ਇਲਾਵਾ, ਕਈ ਵਾਰ ਜੈਨੇਟਿਕ ਕਾਰਨਾਂ, ਹਾਰਮੋਨ ਦੀ ਸਮੱਸਿਆ, ਕਿਸੇ ਬੀਮਾਰੀ ਜਾਂ ਇਲਾਜ ਖ਼ਾਸ ਕਰਕੇ ਦਵਾਈਆਂ ਦੇ ਮਾੜੇ ਪ੍ਰਭਾਵਾਂ ਕਾਰਨ ਵੀ ਲੋਕਾਂ ਨੂੰ ਮੋਟਾਪੇ ਦੀ ਸਮੱਸਿਆ ਹੋ ਸਕਦੀ ਹੈ। ਪਰ ਇਹ ਸਮੱਸਿਆ ਅੱਜ ਦੇ ਸਮੇਂ 'ਚ ਵੱਧ ਘਾਤਕ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਲੋਕਾਂ ਦੀ ਸਰੀਰਕ ਗਤੀਵਿਧੀ ਘੱਟ ਗਈ ਹੈ। ਇਸ ਤੋਂ ਇਲਾਵਾ ਮਾਨਸਿਕ ਸਮੱਸਿਆਵਾਂ ਵੱਧ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਕੋਰੋਨਾ ਕਾਰਨ 2 ਵੱਡੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ, ਪਹਿਲੀ ਮੋਟਾਪਾ ਅਤੇ ਦੂਜੀ ਮਾਨਸਿਕ ਰੋਗ। ਦੁਨੀਆ ਭਰ ਵਿੱਚ ਇਸ ਸਮੇਂ ਮੋਟੇ ਬੱਚਿਆਂ, ਕਿਸ਼ੋਰਾਂ ਅਤੇ ਬਾਲਗਾਂ ਦੀ ਕੁੱਲ ਗਿਣਤੀ ਇੱਕ ਅਰਬ ਤੋਂ ਵੱਧ ਹੈ। ਭਾਰਤ ਵਿੱਚ ਸਾਲ 2022 ਦੌਰਾਨ 5 ਤੋਂ 19 ਸਾਲ ਦੀ ਉਮਰ ਦੇ ਕਰੀਬ 12.5 ਮਿਲੀਅਨ ਬੱਚਿਆਂ ਦੇ ਭਾਰ ਵਧਣ ਦੀ ਸਮੱਸਿਆ ਤੇਜ਼ੀ ਨਾਲ ਵਧੀ ਦੇਖੀ ਗਈ।

ਜਿਨ੍ਹਾਂ ਵਿੱਚੋਂ 7.3 ਮਿਲੀਅਨ ਮੁੰਡੇ ਅਤੇ 5.2 ਮਿਲੀਅਨ ਕੁੜੀਆਂ ਸਨ। ਜਦਕਿ ਸਾਲ 1990 ਵਿੱਚ ਇਹ ਅੰਕੜਾ ਸਿਰਫ਼ 0.4 ਮਿਲੀਅਨ ਸੀ। ਰਿਪੋਰਟ ਦੇ ਅਨੁਸਾਰ, ਵਿਸ਼ਵ ਪੱਧਰ 'ਤੇ ਔਰਤਾਂ ਵਿੱਚ ਮੋਟਾਪੇ ਦੀ ਦਰ ਦੁੱਗਣੀ ਤੋਂ ਵੱਧ ਅਤੇ ਮਰਦਾਂ ਵਿੱਚ ਲਗਭਗ ਤਿੰਨ ਗੁਣਾ ਵੱਧ ਗਈ ਹੈ। ਡਾ. ਭਦਾੜਾ ਨੇ ਕਿਹਾ ਕਿ ਵੱਧ ਮੋਟਾਪੇ ਵਾਲੇ ਬਜ਼ੁਰਗਾਂ ਨੂੰ ਸਲੀਪ ਐਪਨੀਆ ਦੀ ਸਮੱਸਿਆ ਵੱਧ ਹੋ ਰਹੀ ਹੈ। ਇਸ 'ਚ ਮਰੀਜ਼ ਨੂੰ ਸਰੀਰ ਦੀ ਚਰਬੀ ਵੱਧ ਜਾਂਦੀ ਹੈ, ਜੋ ਸਰੀਰ ਦੇ ਹਰ ਹਿੱਸੇ ਵਿੱਚ ਇਕੱਠੀ ਹੋ ਜਾਂਦੀ ਹੈ। ਕਈ ਵਾਰ ਮਰੀਜ਼ਾ ਨੂੰ ਗਲੇ ਵਿੱਚ ਜ਼ਿਆਦਾ ਚਰਬੀ ਦੇ ਕਾਰਨ ਸਿੱਧੇ ਸੌਣ ਵਿੱਚ ਮੁਸ਼ਕਲ ਹੋ ਸਕਦੀ ਹੈ। ਜਿਸ ਨਾਲ ਸਾਹ ਦੀ ਨਲੀ ਬੰਦ ਹੋ ਜਾਂਦੀ ਹੈ, ਜਿਸ ਨੂੰ ਸਲੀਪ ਐਪਨੀਆ ਕਿਹਾ ਜਾਂਦਾ ਹੈ। ਜਿਸ ਕਾਰਨ ਸੌਣ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ ਅਤੇ ਵਿਅਕਤੀ ਪੂਰੀ ਨੀਂਦ ਨਹੀਂ ਲੈ ਸਕਦਾ। ਇਸ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

ਪੀ. ਜੀ. ਆਈ. ਤੀਜੇ ਦਰਜੇ ਦੇ ਦੇਖਭਾਲ ਹਸਪਤਾਲ ਹੋਣ ਕਰਕੇ ਗੁਆਂਢੀ ਰਾਜਾਂ ਤੋਂ ਬਹੁਤ ਜ਼ਿਆਦਾ ਲੋਕਾਂ ਦੀ ਆਮਦ ਹੁੰਦੀ ਹੈ ਅਤੇ ਇਹ ਦੇਖਿਆ ਗਿਆ ਹੈ ਕਿ ਪਿਛਲੇ ਕੁਝ ਦਹਾਕਿਆਂ ਵਿੱਚ, ਮੋਟਾਪੇ ਦੇ ਪ੍ਰਸਾਰ ਵਿੱਚ ਕਾਫ਼ੀ ਵਾਧਾ ਹੋਇਆ ਹੈ। ਪੀ. ਜੀ. ਆਈ. ਦੀ ਮੁੱਖ ਡਾਇਟੀਸ਼ੀਅਨ ਅਤੇ ਐੱਚ. ਓ. ਡੀ. ਡਾਈਟੇਟਿਕਸ ਵਿਭਾਗ ਤੋਂ ਡਾ. ਨੈਨਸੀ ਸਾਹਨੀ ਨੇ ਦੱਸਿਆ ਕਿ ਅੱਜ ਦੇ ਸਮੇਂ 'ਚ ਮੋਟਾਪੇ ਦੀ ਬਿਮਾਰੀ ਨਾਲ ਜ਼ਿਆਦਾ ਪਰੇਸ਼ਾਨ ਨੌਜਵਾਨ ਜੋ ਆਪਣੇ ਕੰਮ ਦੇ ਵਿੱਚ ਜ਼ਿਆਦਾ ਬੈਠੇ ਰਹਿੰਦੇ ਹਨ ਤੇ ਇਸ ਦੌਰਾਨ ਕੁੱਝ ਨਾ ਕੁੱਝ ਖਾਂਦੇ ਰਹਿੰਦੇ ਹਨ (ਮਨਚਿੰਗ ਕਰਦੇ) ਹਨ, ਲਈ ਬਹੁਤ ਜ਼ਰੂਰੀ ਹੈ ਕਿ ਉਹ ਮਨਚਿੰਗ ਵਿਚ ਪੋਸ਼ਟਿਕ ਆਹਾਰ ਲੈਣ ਤੇ ਵਾਕ ਐਂਡ ਟਾਕ ਨੂੰ ਰੋਜ਼ਾਨਾ ਜੀਵਨਸ਼ੈਲੀ 'ਚ ਜਾਰੀ ਰੱਖਣ ਤਾਂ ਜੋ ਮੋਟਾਪੇ ਦੀ ਸਮੱਸਿਆ 'ਤੇ ਕਾਬੂ ਪਾਇਆ ਜਾ ਸਕਦਾ ਹੈ।


author

Babita

Content Editor

Related News