ਸੀਨੀਅਰ ਅਕਾਲੀ ਆਗੂ ਦੀ ਭੇਤਭਰੀ ਹਾਲਤ ''ਚ ਅੱਧ ਸੜੀ ਲਾਸ਼ ਬਰਾਮਦ
Monday, Jan 29, 2018 - 12:25 AM (IST)

ਹੁਸ਼ਿਆਰਪੁਰ (ਜ.ਬ.) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਉਪ ਪ੍ਰਧਾਨ 48 ਸਾਲਾ ਗੁਰਨਾਮ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮੰਨਣ ਦੀ ਅੱਜ ਸਵੇਰੇ ਪਿੰਡ ਦੇ ਬਾਹਰ ਝਾੜੀਆਂ 'ਚ ਮੋਟਰਸਾਈਕਲ ਸਮੇਤ ਅੱਧਸੜੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਪਰਿਵਾਰ ਦੇ ਲੋਕਾਂ ਅਨੁਸਾਰ ਸ਼ਨੀਵਾਰ ਦੇਰ ਰਾਤ 10 ਵਜੇ ਦੇ ਕਰੀਬ ਉਹ ਆਪਣੇ ਮੋਟਰਸਾਈਕਲ 'ਤੇ ਖੇਤਾਂ ਵੱਲ ਗਏ ਸੀ। ਅੱਜ ਜੰਗਲ 'ਚੋਂ ਲਕੜੀ ਲੈ ਕੇ ਜਾਂਦੇ ਹੋਏ ਲੋਕਾਂ ਨੇ ਉਨ੍ਹਾਂ ਦੀ ਲਾਸ਼ ਤੇ ਮੋਟਰਸਾਈਕਲ ਅੱਗ ਨਾਲ ਬੁਰੀ ਤਰ੍ਹਾਂ ਸੜਿਆ ਹੋਇਆ ਦੇਖਿਆ। ਇਸ 'ਤੇ ਉਨ੍ਹਾਂ ਪਿੰਡ ਵਾਸੀਆਂ, ਸਰਪੰਚ ਤੇ ਥਾਣਾ ਸਦਰ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੋਸਟਮਾਰਟਮ ਰਿਪੋਰਟ ਦੇ ਬਾਅਦ ਹੀ ਪਤਾ ਚੱਲੇਗਾ ਮੌਤ ਦਾ ਕਾਰਨ : ਮੌਕੇ 'ਤੇ ਮੌਜੂਦ ਥਾਣਾ ਸਦਰ ਦੇ ਐੱਸ. ਐੱਚ. ਓ. ਰਾਜੇਸ਼ ਅਰੋੜਾ ਨੇ ਦੱਸਿਆ ਕਿ ਗੁਰਨਾਮ ਸਿੰਘ ਦੀ ਲਾਸ਼ 50 ਤੋਂ 60 ਫੀਸਦੀ ਸੜ ਚੁੱਕੀ ਹੈ। ਸੋਮਵਾਰ ਨੂੰ 3 ਡਾਕਟਰਾਂ 'ਤੇ ਅਧਾਰਿਤ ਪੈਨਲ ਦੀ ਪੋਸਟਮਾਰਟਮ ਰਿਪੋਰਟ ਦੇ ਬਾਅਦ ਹੀ ਪਤਾ ਚੱਲੇਗਾ ਕਿ ਮਾਮਲਾ ਹੱਤਿਆ ਦਾ ਹੈ ਜਾਂ ਕੁਝ ਹੋਰ ਕਾਰਨ ਹੈ। ਇਸ ਸਮੇਂ ਕੁਝ ਨਹੀਂ ਕਿਹਾ ਜਾ ਸਕਦਾ।