ਸੀਨੀਅਰ ਅਕਾਲੀ ਆਗੂ ਬਲਜੀਤ ਸਿੰਘ ਨੀਲਾ ਮਹਿਲ ਦਾ ਦਿਹਾਂਤ

08/16/2020 9:49:32 PM

ਜਲੰਧਰ (ਮ੍ਰਿਦੁਲ, ਮਜ਼ਹਰ)— ਜਲੰਧਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਬਲਜੀਤ ਸਿੰਘ ਨੀਲਾ ਮਹਿਲ ਦਾ ਅੱਜ ਸਵੇਰੇ ਅਚਾਨਕ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਨੀਲਾ ਮਹਿਲ ਨੂੰ ਸਵੇਰੇ ਕਰੀਬ 5 ਵਜੇ ਸੀਨੇ 'ਚ ਦਰਦ ਹੋਇਆ, ਜਿਸ ਤੋਂ ਬਾਅਦ ਪਰਿਵਾਰ ਵਾਲੇ ਤੁਰੰਤ ਉਨ੍ਹਾਂ ਨੂੰ ਰੂਬੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਉਨ੍ਹਾਂ ਦੇ ਭਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਬਿਲਕੁਲ ਠੀਕ ਸਨ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸੀ। ਜ਼ਿਕਰਯੋਗ ਹੈ ਕਿ ਨੀਲਾਮਹਿਲ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਸਨ। ਅਕਾਲੀ-ਭਾਜਪਾ ਸਰਕਾਰ ਦੌਰਾਨ ਉਨ੍ਹਾਂ ਨੂੰ ਟਰੱਸਟ ਦੀ ਚੇਅਰਮੈਨੀ ਦਿੱਤੀ ਗਈ ਸੀ। ਉਨ੍ਹਾਂ ਦੇ ਭਰਾ ਕਮਲਜੀਕਤ ਸਿੰਘ ਗਾਂਧੀ ਵੀ ਕੌਂਸਲਰ ਰਹਿ ਚੁੱਕੇ ਹਨ ਅਤੇ ਬੀਤੇ ਸਾਲ ਉਨ੍ਹਾਂ ਦਾ ਵੀ ਦਿਹਾਂਤ ਹੋ ਗਿਆ ਸੀ।

ਉਥੇ ਹੀ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਜਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਅੱਜ ਸਾਡਾ ਇਕ ਬਹੁਤ ਹੀ ਪਿਆਰਾ ਦੋਸਤ ਸਾਡੇ ਕੋਲੋ ਸਦਾ ਲਈ ਵਿਛੜ ਗਿਆ ਹੈ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਕੇ. ਡੀ. ਭੰਡਾਰੀ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਸੁਸ਼ੀਲ ਰਿੰਕੂ,ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਸੁਰਿੰਦਰ ਸਿੰਘ, ਮਹਿੰਦਰਪਾਲ ਸਿੰਘ ਗੁੰਬਰ, ਦੋਆਬਾ ਜ਼ੋਨ ਆਈ. ਟੀ. ਵਿੰਗ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਖਾਲਸਾ, ਯੂਥ ਅਕਾਲੀ ਦਲ ਦੇ ਪ੍ਰਧਾਨ ਤਜਿੰਦਰ ਸਿੰਘ ਨਿੱਝਰ, ਸਾਬਕਾ ਵਿਧਾਇਕ ਸਰਬਜੀਤ ਿਸੰਘ ਮੱਕੜ, ਇਕਬਾਲ ਸਿੰਘ ਢੀਂਡਸਾ, ਅਮਰਜੀਤ ਿਸੰਘ ਬਰਮੀ ਆਦਿ ਨੇ ਫੋਨ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਕੋਰੋਨਾ ਵਾਇਰਸ ਨਾਲ ਹੋਈ ਨੀਲਾ ਮਹਿਲ ਦੀ ਮੌਤ!
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਜੀਤ ਸਿੰਘ ਨੀਲਾਮਹਿਲ ਦਾ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਤੋਂ ਕੁਝ ਘੰਟਿਆਂ ਬਾਅਦ ਅੰਤਿਮ ਸਸਕਾਰ ਕਰ ਦਿੱਤਾ ਗਿਆ। ਦੇਰ ਸ਼ਾਮ ਤੱਕ ਇਹ ਚਰਚਾ ਗਰਮਾਈ ਰਹੀ ਕਿ ਹੋ ਸਕਦਾ ਉਹ ਕੋਰੋਨਾ ਪਾਜ਼ੇਟਿਵ ਹੋਣ। ਬੇਸ਼ੱਕ, ਡਾਕਟਰੀ ਸੂਤਰਾਂ ਦੇ ਹਵਾਲੇ ਨਾਲ ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲ ਸਕੀ ਪਰ ਜਾਣਕਾਰਾਂ ਅਨੁਸਾਰ ਉਨ੍ਹਾਂ ਦੇ ਅੰਤਿਮ ਸਸਕਾਰ ਵਿਚ ਬਹੁਤ ਘੱਟ ਲੋਕ ਸ਼ਾਮਲ ਹੋਏ। ਅੰਤਿਮ ਸਸਕਾਰ ਵੀ ਪੀ. ਪੀ. ਟੀ. ਕਿੱਟਾਂ ਪਾਈ ਕੁਝ ਡਾਕਟਰਾਂ ਦੀ ਹਾਜ਼ਰੀ ਵਿਚ ਹੋਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਜੀਤ ਸਿੰਘ ਨੀਲਾਮਹਿਲ ਦੇ ਸਸਕਾਰ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਹੈ। ਉਨ੍ਹਾਂ ਦੇ ਨੇੜਲੇ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਨੀਲਾ ਮਹਿਲ ਕੋਰੋਨਾ ਪਾਜ਼ੇਟਿਵ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਜਾਂਚ ਕੀਤੀ ਗਈ ਹੈ ।


shivani attri

Content Editor

Related News