ਸੋਨੀ ਦੇ ਘਰ ਤੇ ਸ਼ਿਵ ਸੈਨਾ ਭਵਨ ''ਚ ਬੰਬ ਨਿਰੋਧਕ ਦਸਤੇ ਨੇ ਕੀਤੀ ਚੈਕਿੰਗ
Friday, Jan 12, 2018 - 12:48 AM (IST)
ਗੁਰਦਾਸਪੁਰ, (ਵਿਨੋਦ, ਦੀਪਕ)- ਲੋਹੜੀ ਤੇ 26 ਜਨਵਰੀ ਦੇ ਮੌਕੇ 'ਤੇ ਅੱਤਵਾਦੀ ਹਮਲੇ ਦੇ ਸ਼ੱਕ ਕਾਰਨ ਅੱਜ ਫਿਰ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਮੁੱਖ ਹਰਵਿੰਦਰ ਸੋਨੀ ਦੇ ਨਿਵਾਸ ਅਤੇ ਉਨ੍ਹਾਂ ਦੇ ਦਫ਼ਤਰ 'ਚ ਬੰਬ ਨਿਰੋਧਕ ਦਸਤੇ ਵੱਲੋਂ ਚੈਕਿੰਗ ਕੀਤੀ ਗਈ।
ਇਸ ਮੌਕੇ ਹਰਵਿੰਦਰ ਸੋਨੀ ਨੇ ਦੱਸਿਆ ਕਿ ਜਦ ਉਹ ਸਵੇਰੇ ਸੈਰ ਕਰਨ ਘਰੋਂ ਬਾਹਰ ਨਿਕਲੇ ਤਾਂ ਇਕਦਮ ਬੰਬ ਨਿਰੋਧਕ ਦਸਤੇ ਨੇ ਖੋਜੀ ਕੁੱਤੇ ਨਾਲ ਉਨ੍ਹਾਂ ਦੇ ਘਰ ਦੇ ਅੰਦਰ ਅਤੇ ਆਸ-ਪਾਸ ਚੈਕਿੰਗ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਪਰਿਵਾਰ ਅਤੇ ਗੁਆਂਢੀ ਇਕਦਮ ਡਰ ਗਏ। ਚੈਕਿੰਗ ਦੇ ਉਪਰੰਤ ਚਾਹੇ ਕਿਸੇ ਪ੍ਰਕਾਰ ਦਾ ਵਿਸਫੋਟਕ ਨਹੀਂ ਮਿਲਿਆ ਪਰ ਇਕ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਪੁਲਸ ਵਿਭਾਗ ਨੂੰ ਹਰਵਿੰਦਰ ਸੋਨੀ 'ਤੇ ਫਿਰ ਹਮਲਾ ਹੋਣ ਦੀ ਇਨਪੁਟ ਮਿਲ ਚੁੱਕੀ ਹੈ, ਜਿਸ ਕਾਰਨ ਬੰਬ ਨਿਰੋਧਕਾਂ ਵੱਲੋਂ ਹਮਲਾ ਹੋਣ ਦੀ ਗੱਲ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।ਸੋਨੀ ਨੇ ਦੱਸਿਆ ਕਿ ਕੁਝ ਘੰਟੇ ਬਾਅਦ 5ਵੀਂ ਕਮਾਂਡੋ ਬਟਾਲੀਅਨ ਦੇ ਕਮਾਂਡੈਂਟ ਜਸਪ੍ਰੀਤ ਸਿੰਘ ਖਹਿਰਾ ਉਨ੍ਹਾਂ ਦੇ ਨਿਵਾਸ 'ਤੇ ਆਏ ਤੇ ਸਾਰੇ ਸੁਰੱਖਿਆ ਕਰਮਚਾਰੀਆਂ ਨੂੰ ਅਲਰਟ ਰਹਿ ਕੇ ਡਿਊਟੀ ਕਰਨ ਦੇ ਨਿਰਦੇਸ਼ ਦਿੱਤੇ। ਉਸ ਤੋਂ ਬਾਅਦ ਬਾਟਾ ਚੌਕ 'ਚ ਸਥਿਤ ਸ਼ਿਵ ਸੈਨਾ ਭਵਨ ਦਾ ਵੀ ਦੌਰਾ ਕੀਤਾ ਅਤੇ ਆਸ-ਪਾਸ ਦੇ ਦੁਕਾਨਦਾਰਾਂ ਨੂੰ ਕਿਸੇ ਸ਼ੱਕੀ ਵਿਅਕਤੀ ਦੇ ਨਜ਼ਰ ਆਉਣ ਦੀ ਸੂਚਨਾ ਪੁਲਸ ਨੂੰ ਦੇਣ ਦੀ ਹਦਾਇਤ ਕੀਤੀ।