ਨਿਹੰਗਾਂ ਨਾਲ ਹੋਏ ਟਕਰਾਅ ਤੋਂ ਬਾਅਦ ਦੇਖੋ ਕੀ ਬੋਲੇ ਗੁਰਸਿਮਰਨ ਮੰਡ (ਵੀਡੀਓ)
Thursday, Oct 21, 2021 - 09:18 PM (IST)

ਲੁਧਿਆਣਾ- ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ, ਅਮਿਤ ਅਰੋੜਾ ਅਤੇ ਨਿਹੰਗਾਂ ਵਿਚਾਲੇ ਸੀ. ਪੀ. ਦਫ਼ਤਰ ਦੇ ਬਾਹਰ ਹੋਏ ਟਕਰਾਅ ਤੋਂ ਬਾਅਦ ਮੰਡ ਦਾ ਬਿਆਨ ਸਾਹਮਣੇ ਆਇਆ ਹੈ। ਮੰਡ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੇਰੇ ਪਲਾਟ ’ਤੇ ਕਬਜ਼ਾ ਹੋ ਗਿਆ ਸੀ ਅਤੇ ਸਾਡੀ ਕੋਈ ਸੁਣਵਾਈ ਨਾ ਹੋਣ ਕਰਕੇ ਅਸੀਂ ਸੀ. ਪੀ. ਦਫਤਰ ਭੁੱਖ ਹੜਤਾਲ ’ਤੇ ਬੈਠਣਾ ਸੀ। ਅਸੀਂ ਪੁਲਸ ਨੂੰ ਇਸ ਬਾਰੇ ਜਾਣਕਾਰੀ ਦੇਣ ਗਏ ਤਾਂ ਪੁਲਸ ਕਮਿਸ਼ਨਰ ਅਤੇ ਐੱਸ. ਐੱਚ. ਓ. ਨੇ ਸਾਨੂੰ ਸ਼ਾਮ ਤੱਕ ਸਾਰਾ ਮਸਲਾ ਹੱਲ ਅਤੇ ਦੋਸ਼ੀਆਂ ਖ਼ਿਲਾਫ ਪਰਚਾ ਦਰਜ ਕਰਨ ਦਾ ਹੌਸਲਾ ਦਿੱਤਾ।
ਉਨ੍ਹਾਂ ਅੱਗੇ ਕਿਹਾ ਕਿ ਜਦੋਂ ਮੈਂ ਅਤੇ ਅਰੋੜਾ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਵਾਪਸ ਆ ਰਹੇ ਸੀ ਤਾਂ ਸਾਡੇ ਨਾਲ ਇਕ 25-26 ਸਾਲਾਂ ਦਾ ਨੌਜਵਾਨ ਨਿਹੰਗ ਆ ਕੇ ਬਦਤਮੀਜ਼ੀ ਕਰਨ ਲੱਗ ਪਿਆ, ਜਿਸ ’ਤੇ ਮੈਂ ਉਸ ਨੂੰ ਜਵਾਬ ਦਿੱਤਾ ਕਿ ਗੁੰਡਾਗਰਦੀ ਨਾ ਕਰੋ, ਜਿਸ ਤੋਂ ਬਾਅਦ ਉਨ੍ਹਾਂ ਮੈਨੂੰ ਧੱਕਾ ਮਾਰਿਆ ਅਤੇ ਮੇਰੀ ਪੱਗ ਵੀ ਸਿਰ ਤੋਂ ਲੱਥ ਗਈ। ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਤਲਵਾਰਾਂ ਲੈ ਕੇ ਸਾਡੇ ਦੋਵਾਂ ਦੇ ਪਿੱਛੇ ਭੱਜੀਆਂ। ਉਨ੍ਹਾਂ ਕਿਹਾ ਕਿ ਮੇਰਾ ਸੰਵਿਧਾਨ ’ਚ ਵਿਸ਼ਵਾਸ ਹੈ ਅਤੇ ਮੈਂ ਗੁੰਡਾਗਰਦੀ ਦੇ ਹੱਕ ’ਚ ਨਹੀਂ ਸੀ, ਜਿਸ ਕਾਰਨ ਅਸੀਂ ਉਥੋਂ ਦੌੜ ਕੇ ਸੀ. ਪੀ. ਦਫਤਰ ’ਚ ਵੜ ਕੇ ਆਪਣੀ ਜਾਨ ਬਚਾਈ। ਸਿੱਖ ਜਥੇਬੰਦੀਆਂ ਸਾਡੇ ਬਾਹਰ ਆਉਣ ਦੀ ਉਡੀਕ ਕਰਦੀਆਂ ਰਹੀਆਂ ਪਰ ਪੁਲਸ ਨੇ ਸਾਨੂੰ ਦੋਵਾਂ ਨੂੰ ਪਿਛਲੇ ਰਸਤੇ ਤੋਂ ਬਾਹਰ ਕਢਵਾ ਕੇ ਘਰ ਭੇਜ ਦਿੱਤਾ।