ਪਾਕਿਸਤਾਨ ''ਚ ਹਿੰਦੂਆਂ ਤੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਚੁੱਕੇ ਠੋਸ ਕਦਮ : ਪ੍ਰੋ. ਖਿਆਲਾ

Monday, Aug 22, 2022 - 10:28 PM (IST)

ਅੰਮ੍ਰਿਤਸਰ : ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ 'ਚ ਘੱਟਗਿਣਤੀ ਭਾਈਚਾਰੇ 'ਤੇ ਕੱਟੜਪੰਥੀਆਂ ਦੇ ਲਗਾਤਾਰ ਵਧ ਰਹੇ ਹਮਲਿਆਂ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਭਾਰਤੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਮਾਮਲਿਆਂ ’ਚ ਦਖ਼ਲ ਦਿੰਦਿਆਂ ਪਾਕਿਸਤਾਨ ’ਚ ਘੱਟਗਿਣਤੀ ਹਿੰਦੂਆਂ, ਸਿੱਖਾਂ ਤੇ ਈਸਾਈਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਪਾਕਿਸਤਾਨ ਦੇ ਹਮਰੁਤਬਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਕੋਲ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬੁਨੇਰ ਜ਼ਿਲ੍ਹੇ 'ਚ ਸਿੱਖ ਅਧਿਆਪਕਾ ਦੀਨਾ ਕੌਰ ਨੂੰ ਅਗਵਾ ਕਰਕੇ ਜ਼ਬਰਦਸਤੀ ਇਸਲਾਮ ਕਬੂਲ ਕਰਵਾ ਕੇ ਜਬਰੀ ਧਰਮ ਪਰਿਵਰਤਨ ਕਰਦਿਆਂ ਕਿਸੇ ਮੁਸਲਮਾਨ ਨਾਲ ਨਿਕਾਹ ਕੀਤੇ ਜਾਣ ਦਾ ਮਾਮਲਾ ਕੂਟਨੀਤਕ ਪੱਧਰ ’ਤੇ ਉਠਾਉਂਦਿਆਂ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਲੜਕੀ ਨੂੰ ਉਸ ਦੇ ਪਰਿਵਾਰ ਕੋਲ ਸੁਰੱਖਿਅਤ ਪਹੁੰਚਾਉਣ ਪ੍ਰਤੀ ਕਾਰਵਾਈ ਅਮਲ ’ਚ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਸੂਬਾ ਸਿੰਧ ਦੇ ਤਾਰੀਕੀ ਪਸੰਦ ਪਾਰਟੀ ਦੇ ਹਿੰਦੂ ਯੂਥ ਆਗੂ ਪਵਨ ਮੱਲ੍ਹੀ ਪੁੱਤਰ ਘਣਸ਼ਾਮ ਮੱਲ੍ਹੀ ਦੀ ਰਿਹਾਇਸ਼ੀ ਪਲਾਟ ’ਤੇ ਕਬਜ਼ਾ ਕਰਦਿਆਂ ਉਸ ’ਤੇ ਕੱਟੜਪੰਥੀਆਂ ਵੱਲੋਂ ਕਾਤਲਾਨਾ ਹਮਲਾ ਕੀਤੇ ਜਾਣ ਦੀ ਨਿਖੇਧੀ ਕੀਤੀ।

ਖ਼ਬਰ ਇਹ ਵੀ : ਭਾਰਤ ਭੂਸ਼ਣ ਆਸ਼ੂ ਗ੍ਰਿਫ਼ਤਾਰ, ਉਥੇ PM ਮੋਦੀ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਅਲਰਟ ਜਾਰੀ, ਪੜ੍ਹੋ TOP 10

ਸੂਬੇ ਦੇ ਜ਼ਿਲ੍ਹਾ ਟੰਡੋ ਅੱਲ੍ਹਾ ਯਾਰ ਦੇ ਪਿੰਡ ਕਰਿਆਸ਼ਖ ’ਚ ਭੂਰੀ ਕੋਲ੍ਹੀ ਨਾਮੀ ਔਰਤ ਦੀ ਭੇਦਭਰੇ ਹਾਲਾਤ ’ਚ ਮੌਤ ਹੋਣ ਅਤੇ ਸੂਬੇ ਦੇ ਪਿੰਡ ਝੰਡਾਸ਼ਖ ਨਿਵਾਸੀ ਕ੍ਰਿਸ਼ਨ ਮੇਘਵਾਰ ਨਾਂ ਦੇ ਹਿੰਦੂ ਨੌਜਵਾਨ ਦੀ ਲਾਸ਼ ਪਿੰਡ ਰਾਣੀਪੁਰ ਦੀਆਂ ਰੇਲਵੇ ਲਾਈਨਾਂ ਨੇੜਿਓਂ ਮਿਲਣ ਦੀਆਂ ਦੁਖਦਾਇਕ ਘਟਨਾਵਾਂ ਨਾਲ ਸਬੰਧਿਤ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਸਖ਼ਤ ਕਾਰਵਾਈ ਕਰਨ ਲਈ ਵੀ ਕਿਹਾ। ਉਨ੍ਹਾਂ ਘੱਟਗਿਣਤੀ ਵਰਗਾਂ ਨਾਲ ਹੋ ਰਹੇ ਵੱਡੇ ਅਨਿਆਂ ਵਿਰੁੱਧ ਸਮੂਹ ਵਿਸ਼ਵ ਭਾਈਚਾਰੇ ਨੂੰ ਆਵਾਜ਼ ਉਠਾਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਕੱਟੜਪੰਥੀਆਂ ’ਤੇ ਸਰਕਾਰ ਦਾ ਕੋਈ ਨਿਯੰਤਰਣ ਨਹੀਂ ਰਿਹਾ ਹੈ, ਜਿਸ ਕਰਕੇ ਹਿੰਦੂਆਂ ਤੇ ਸਿੱਖਾਂ ਵਿਰੁੱਧ ਅਜਿਹੀਆਂ ਹਰਕਤਾਂ ਲਗਾਤਾਰ ਜਾਰੀ ਹਨ।

ਪ੍ਰੋ. ਖਿਆਲਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਆਪਣੀ ਤਰੱਕੀ ਅਤੇ ਆਰਥਿਕ ਖ਼ੁਸ਼ਹਾਲੀ ਲਈ ਹਰ ਸੰਭਵ ਯਤਨ ਕਰਨ ਦੇ ਬਾਵਜੂਦ ਹਰ ਖੇਤਰ ਵਿੱਚ ਜ਼ਾਲਮ ਨਿਜ਼ਾਮ ਕਾਰਨ ਹਿੰਦੂ-ਸਿੱਖ ਭਾਈਚਾਰਾ ਕਦੇ ਵੀ ਸੁਖਾਵੀਂ ਸਥਿਤੀ ਵਿੱਚ ਨਹੀਂ ਰਿਹਾ। ਨਿਰਦੋਸ਼ ਹਿੰਦੂਆਂ ਤੇ ਸਿੱਖਾਂ ਦਾ ਕਤਲ ਅਤੇ ਘੱਟਗਿਣਤੀਆਂ ਦੇ ਹੱਕਾਂ ਲਈ ਬੋਲਣ ਵਾਲੇ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨਾ ਪਾਕਿਸਤਾਨ ਵਿੱਚ ਆਮ ਵਰਤਾਰਾ ਬਣ ਗਿਆ ਹੈ। ਕੱਟੜਪੰਥੀਆਂ ਨੂੰ ਆਮ ਤੌਰ 'ਤੇ ਗ੍ਰਿਫ਼ਤਾਰ ਵੀ ਨਹੀਂ ਕੀਤਾ ਜਾਂਦਾ। ਬਹੁਤੇ ਮਾਮਲਿਆਂ ’ਚ ਕੁੜੀਆਂ ਦੇ ਪਰਿਵਾਰਾਂ ਨੂੰ ਚੁੱਪ ਰਹਿਣ ਲਈ ਦਬਾਅ ਪਾਇਆ ਜਾਂਦਾ ਹੈ ਅਤੇ ਦੀਨਾ ਕੌਰ ਮਾਮਲੇ ’ਚ ਵੀ ਅਜਿਹਾ ਹੀ ਹੋਇਆ ਹੈ।

ਇਹ ਵੀ ਪੜ੍ਹੋ : ਸਿੰਘ ਸਭਾ ਲਹਿਰ ਦੀ 150 ਸਾਲਾ ਸ਼ਤਾਬਦੀ ਦੀਆਂ ਤਿਆਰੀਆਂ ਸ਼ੁਰੂ : ਕੇਂਦਰੀ ਸਿੰਘ ਸਭਾ

ਇਸ ਤੋਂ ਪਹਿਲਾਂ ਵੀ ਕੱਟੜਪੰਥੀ ਦਰਜਨਾਂ ਸਿੱਖਾਂ ਨੂੰ ਬੇਰਹਿਮੀ ਨਾਲ ਮਾਰ ਚੁੱਕੇ ਹਨ। ਇਸ ਨਾਲ ਪਾਕਿਸਤਾਨ ਵਿੱਚ ਰਹਿੰਦੇ ਮੁੱਠੀ ਭਰ ਹਿੰਦੂਆਂ ਤੇ ਸਿੱਖਾਂ ਵਿੱਚ ਦਹਿਸ਼ਤ ਫੈਲ ਗਈ ਹੈ। ਉਨ੍ਹਾਂ ਸਰਕਾਰ ਨੂੰ ਹਿੰਦੂਆਂ ਤੇ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਲਈ ਸਮੇਂ ਸਿਰ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪਾਕਿਸਤਾਨ ਅੰਦਰ ਅਜਿਹੀਆਂ ਘਟਨਾਵਾਂ ਨਾ ਰੋਕੀਆਂ ਗਈਆਂ ਤਾਂ ਘੱਟਗਿਣਤੀ ਲੋਕਾਂ 'ਚ ਅਸੁਰੱਖਿਆ ਦੀ ਭਾਵਨਾ ਵਧੇਗੀ, ਜੋ ਕਿ ਪਾਕਿਸਤਾਨ ਲਈ ਵਿਸ਼ਵ ਭਾਈਚਾਰੇ ’ਚ ਬਦਨਾਮੀ ਤੇ ਨਾਮੋਸ਼ੀ ਦਾ ਕਾਰਨ ਬਣੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News