ਨਸ਼ਾ ਛੁਡਾਊ ਕੇਂਦਰ ’ਚ ਸੁਰੱਖਿਆ ਗਾਰਡਾਂ ’ਤੇ ਹਮਲਾ, ਛੱਤ ਤੋਂ ਛਾਲ ਮਾਰ ਭੱਜੇ 2 ਮਰੀਜ਼
Tuesday, Sep 23, 2025 - 03:51 PM (IST)

ਮੋਹਾਲੀ (ਜੱਸੀ) : ਇੱਥੇ ਸੈਕਟਰ-66 ਸਥਿਤ ਸਰਕਾਰੀ ਨਸ਼ਾ ਛੁਡਾਊ ਕੇਂਦਰ ’ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਸੈਂਟਰ ’ਚ ਭਰਤੀ ਮਰੀਜ਼ਾਂ ਨੇ ਸੁਰੱਖਿਆ ਗਾਰਡਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ 2 ਮਰੀਜ਼ ਛੱਤ ਤੋਂ ਛਾਲ ਮਾਰ ਕੇ ਫ਼ਰਾਰ ਹੋ ਗਏ। ਇਸ ਸਬੰਧੀ ਨਸ਼ਾ ਛੁਡਾਊ ਕੇਂਦਰ ਇੰਚਾਰਜ ਡਾ. ਪੂਜਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਰੀਜ਼ਾਂ ਨੇ ਗਾਰਡਾਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਘੇਰ ਲਿਆ। ਦੋ ਮਰੀਜ਼ਾਂ ਨੇ ਸਥਿਤੀ ਦਾ ਫ਼ਾਇਦਾ ਚੁੱਕਿਆ ਅਤੇ ਭੱਜ ਗਏ। ਉਨ੍ਹਾਂ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ।
ਬਾਥਰੂਮ ਜਾਣ ਦਾ ਬਣਾਇਆ ਬਹਾਨਾ, ਫਿਰ ਮਾਰੇ ਸੁਰੱਖਿਆ ਗਾਰਡ ਦੇ ਥੱਪੜ
ਜਾਣਕਾਰੀ ਮੁਤਾਬਕ ਤਿੰਨ ਮਰੀਜ਼ਾਂ ਨੇ ਬਾਥਰੂਮ ਜਾਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਪਿੱਛੇ ਆ ਰਹੇ ਸੁਰੱਖਿਆ ਗਾਰਡ ਨਾਲ ਮਰੀਜ਼ਾਂ ਨੇ ਲੜਾਈ-ਝਗੜਾ ਸ਼ੁਰੂ ਕਰ ਦਿੱਤਾ ਤੇ ਸੁਰੱਖਿਆ ਗਾਰਡ ਦੇ ਥੱਪੜ ਮਾਰ ਦਿੱਤਾ। ਰੌਲਾ ਸੁਣ ਕੇ ਬਾਕੀ ਮਰੀਜ਼ ਵੀ ਮੌਕੇ ’ਤੇ ਪਹੁੰਚ ਗਏ ਤੇ ਉਨ੍ਹਾਂ ਨੇ ਗਾਰਡ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਦੂਜਾ ਗਾਰਡ ਮਦਦ ਲਈ ਦੌੜਿਆ ਪਰ ਉਸ ’ਤੇ ਵੀ ਹਮਲਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮਰੀਜ਼ਾਂ ਨੇ ਸੁਰੱਖਿਆ ਗਾਰਡਾਂ ਨੂੰ ਮਾਰਨ ਲਈ ਪੱਗ ਠੀਕ ਕਰਨ ਵਾਲੇ ਲੋਹੇ ਦੇ ਬਾਜ ਦੀ ਵਰਤੋਂ ਕੀਤੀ। ਇਸ ਹਫੜਾ-ਤਫੜੀ ਵਿਚਕਾਰ ਦੋ ਮਰੀਜ਼ ਛੱਤ ’ਤੇ ਚੜ੍ਹ ਗਏ। ਜਦੋਂ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਦੋਹਾਂ ਨੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ ਅਤੇ ਛੱਤ ਤੋਂ ਛਾਲ ਮਾਰ ਕੇ ਫ਼ਰਾਰ ਹੋ ਗਏ। ਜ਼ਖ਼ਮੀ ਸੁਰੱਖਿਆ ਮੁਲਾਜ਼ਮਾਂ ਨੇ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਤੇ ਬਾਅਦ ’ਚ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਸੁਰੱਖਿਆ ਸਬੰਧੀ ਕਮੀਆਂ ਫਿਰ ਹੋਈਆਂ ਉਜਾਗਰ
ਐਤਵਾਰ ਰਾਤ ਨੂੰ ਵਾਪਰੀ ਇਸ ਘਟਨਾ ਨੇ ਇਕ ਵਾਰ ਫਿਰ ਨਸ਼ਾ ਛੁਡਾਊ ਕੇਂਦਰ ’ਚ ਸੁਰੱਖਿਆ ਸਬੰਧੀ ਕਮੀਆਂ ਨੂੰ ਉਜਾਗਰ ਕਰ ਦਿੱਤਾ। ਪਹਿਲਾਂ ਵੀ ਕਈ ਵਾਰ ਮਰੀਜ਼ਾਂ ਵੱਲੋਂ ਭੱਜਣ ਦੀਆਂ ਕੋਸ਼ਿਸ਼ਾਂ ਹੋਈਆਂ ਹਨ। ਕਰੀਬ ਚਾਰ ਮਹੀਨੇ ਪਹਿਲਾਂ ਰਾਤ ਨੂੰ ਬਿਜਲੀ ਸਪਲਾਈ ਠੱਪ ਹੋਣ ’ਤੇ 23 ਮਰੀਜ਼ ਕੇਂਦਰ ’ਚੋਂ ਭੱਜ ਗਏ ਸਨ। ਉਨ੍ਹਾਂ ਨੂੰ ਬਾਅਦ ’ਚ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਕੇਂਦਰ ’ਚ ਵਾਪਸ ਲਿਆਂਦਾ।
ਮਾਮਲੇ ਦੀ ਕੀਤੀ ਜਾ ਰਹੀ ਜਾਂਚ: ਐੱਸ. ਐੱਚ. ਓ.
ਇਸ ਸਬੰਧੀ ਫੇਜ਼-11 ਪੁਲਸ ਥਾਣੇ ਦੇ ਐੱਸ. ਐੱਚ. ਓ. ਪੈਰੀਵਿੰਕਲ ਸਿੰਘ ਗਰੇਵਾਲ ਨੇ ਕਿਹਾ ਕਿ ਹੁਣ ਤੱਕ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਕੰਟਰੋਲ ਰੂਮ ਨੂੰ ਸੂਚਿਤ ਕੀਤਾ ਗਿਆ ਸੀ ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।