ਇਕੋ ਘਰ 'ਚ ਦੂਜੇ ਪੁੱਤ ਦੀ ਵੀ ਹੋਈ ਚਿੱਟੇ ਨਾਲ ਮੌਤ, ਮਾਂ ਦਾ ਰੋ-ਰੋ ਬੁਰਾ ਹਾਲ (ਵੀਡੀਓ)
Sunday, Jul 10, 2022 - 02:29 AM (IST)
ਪੱਟੀ/ਤਰਨਤਾਰਨ (ਵਿਜੇ ਕੁਮਾਰ) : ਪੱਟੀ ਦੇ 30 ਸਾਲਾ ਜਤਿੰਦਰ ਸਿੰਘ ਨਾਂ ਦੇ ਨੌਜਵਾਨ ਦੀ ਨਸ਼ੇ ਕਾਰਨ ਹਾਲਤ ਵਿਗੜ ਜਾਣ ਕਰਕੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। 4 ਸਾਲ ਪਹਿਲਾਂ ਜਤਿੰਦਰ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਦੀ ਮੌਤ ਵੀ ਨਸ਼ੇ ਕਾਰਨ ਹੋਈ ਸੀ। ਨਸ਼ਿਆਂ ਕਾਰਨ ਮ੍ਰਿਤਕ ਦੀ ਪਤਨੀ ਵੀ ਉਸ ਨੂੰ ਛੱਡ ਕੇ ਜਾ ਚੁੱਕੀ ਹੈ। ਮ੍ਰਿਤਕ ਦੇ 2 ਬੱਚੇ ਹਨ। ਇਸ ਬਾਰੇ ਮ੍ਰਿਤਕ ਦੀ ਮਾਂ ਨੇ ਰੋਂਦਿਆਂ ਦੱਸਿਆ ਕਿ ਉਸ ਦਾ ਲੜਕਾ ਚਿੱਟੇ ਦਾ ਨਸ਼ਾ ਕਰਦਾ ਸੀ ਤੇ ਟੀਕੇ ਵੀ ਲਾਉਂਦਾ ਸੀ, ਜਿਸ ਕਰਕੇ ਉਸ ਦਾ ਦਿਮਾਗ ਸੁੰਨ ਹੋ ਗਿਆ ਤੇ ਲੱਤਾਂ ਵੀ ਖੜ੍ਹ ਗਈਆਂ। ਉਸ ਨੇ ਦੱਸਿਆ 4 ਸਾਲ ਪਹਿਲਾਂ ਵੀ ਉਸ ਦਾ ਇਕ ਪੁੱਤ ਨਸ਼ੇ ਕਾਰਨ ਮਰ ਚੁੱਕਾ ਹੈ।
ਖ਼ਬਰ ਇਹ ਵੀ : ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਗ੍ਰਿਫ਼ਤਾਰ, ਉਥੇ ਵੱਖਰੀ ਵਿਧਾਨ ਸਭਾ ਬਣਾਏਗਾ ਹਰਿਆਣਾ, ਪੜ੍ਹੋ TOP 10
ਉਸ ਦੀਆਂ ਨੂੰਹਾਂ ਵੀ ਘਰ ਛੱਡ ਕੇ ਜਾ ਚੁੱਕੀਆਂ ਹਨ। ਹੁਣ ਉਹ ਘਰ 'ਚ ਇਕੱਲੀ ਰਹਿ ਗਈ ਹੈ। ਉਸ ਨੇ ਭਗਵੰਤ ਮਾਨ ਦੀ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਲੋਕਾਂ ਨੇ ਬਦਲਾਅ ਲਈ ਨਵੀਂ ਸਰਕਾਰ ਲਿਆਂਦੀ ਸੀ ਪਰ ਪੱਟੀ 'ਚੋਂ ਨਸ਼ਾ ਖ਼ਤਮ ਨਹੀਂ ਹੋ ਰਿਹਾ। ਉਸ ਨੇ ਪੱਟੀ ਦੇ ਵਿਧਾਇਕ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਬਾਰੇ ਕਿਹਾ ਕਿ ਲੋਕਾਂ ਨੇ ਵੋਟਾਂ ਪਾ ਕੇ ਇਨ੍ਹਾਂ ਨੂੰ ਜਿਤਾਇਆ ਪਰ ਅੱਜ ਤੱਕ ਇਨ੍ਹਾਂ ਨੇ ਪੱਟੀ 'ਚੋਂ ਨਸ਼ੇ ਖ਼ਤਮ ਕਰਨ ਲਈ ਕੁਝ ਨਹੀਂ ਕੀਤਾ। ਨਸ਼ੇ ਕਾਰਨ ਨੌਜਵਾਨ ਮੁੱਕ ਰਹੇ ਹਨ। ਪੀੜਤ ਮਾਂ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਕੋਲ ਅਪੀਲ ਕੀਤੀ ਕਿ ਨਸ਼ਿਆਂ ਦਾ ਖਾਤਮਾ ਕਰਕੇ ਬਾਕੀ ਨੌਜਵਾਨੀ ਨੂੰ ਖ਼ਤਮ ਹੋਣ ਤੋਂ ਬਚਾਇਆ ਜਾਵੇ।
ਇਹ ਵੀ ਪੜ੍ਹੋ : ਜਥੇਦਾਰ ਹਰਪ੍ਰੀਤ ਸਿੰਘ ਤੇ ਐਡਵੋਕੇਟ ਧਾਮੀ ਨੇ ਸਿੱਖ ਨੌਜਵਾਨੀ ਨੂੰ ਸਿੱਖ ਸ਼ਸਤਰ ਵਿੱਦਿਆ ਨਾਲ ਜੁੜਨ ਦਾ ਦਿੱਤਾ ਸੱਦਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ