ਸਾਊਦੀ ਅਰਬ ''ਚ ਨੰਗਲ ਦੇ ਨੌਜਵਾਨ ਨੂੰ ਮਿਲੀ ਸਜ਼ਾ-ਏ-ਮੌਤ! ਮਾਪਿਆਂ ਦਾ ਰੋ-ਰੋ ਬੁਰਾ ਹਾਲ
Thursday, Oct 01, 2026 - 12:58 PM (IST)
ਨੰਗਲ (ਚੋਵੇਸ਼ ਲਟਾਵਾ)-ਰੋਜ਼ੀ-ਰੋਟੀ ਦੀ ਭਾਲ 'ਚ ਵਿਦੇਸ਼ ਦੀ ਧਰਤੀ 'ਤੇ ਗਏ ਪੰਜਾਬ ਦੇ ਇਕ ਹੋਰ ਨੌਜਵਾਨ 'ਤੇ ਦੁੱਖ਼ਾਂ ਦਾ ਪਹਾੜ ਟੁੱਟ ਪਿਆ ਹੈ। ਨੰਗਲ ਦੇ ਪਿੰਡ ਲੋਅਰ ਪੱਟੀ ਨਾਲ ਸਬੰਧਤ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਸਾਊਦੀ ਅਰਬ 'ਚ ਫ਼ਾਂਸੀ (ਸਜ਼ਾ-ਏ-ਮੌਤ) ਦੀ ਸਜ਼ਾ ਸੁਣਾਈ ਗਈ ਹੈ। ਇਹ ਖ਼ਬਰ ਮਿਲਦਿਆਂ ਹੀ ਪਰਿਵਾਰ 'ਚ ਮਾਤਮ ਦਾ ਮਾਹੌਲ ਹੈ ਅਤੇ ਪਿੱਛੇ ਇਕੱਲੀ ਰਹਿ ਗਈ ਬਜ਼ੁਰਗ ਮਾਂ ਸਰਕਾਰਾਂ ਤੋਂ ਆਪਣੇ ਪੁੱਤ ਦੀ ਜਾਨ ਬਚਾਉਣ ਲਈ ਮਦਦ ਦੀ ਗੁਹਾਰ ਲਗਾ ਰਹੀ ਹੈ।
ਇਹ ਵੀ ਪੜ੍ਹੋ:ਪੰਜਾਬ: ਤਿੰਨ ਮੰਜ਼ਿਲਾਂ ਕੱਪੜਿਆਂ ਦੇ ਸ਼ੋਅਰੂਮ 'ਚ ਲੱਗੀ ਭਿਆਨਕ ਅੱਗ! ਦੂਰ ਤੱਕ ਉੱਠੀਆਂ ਲਪਟਾਂ

ਕੀ ਹੈ ਪੂਰਾ ਮਾਮਲਾ?
ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਕਰੀਬ ਚਾਰ ਸਾਲ ਪਹਿਲਾਂ ਰੁਜ਼ਗਾਰ ਲਈ ਮਸਕਟ (ਓਮਾਨ) ਗਿਆ ਸੀ, ਜਿੱਥੇ ਉਹ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਕਰੀਬ ਦੋ ਸਾਲ ਪਹਿਲਾਂ ਉਸ ਨੂੰ ਸਾਊਦੀ ਅਰਬ 'ਚ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਰਿਵਾਰ ਨੂੰ 25 ਸਤੰਬਰ ਨੂੰ ਇਹ ਮੰਦਭਾਗੀ ਖ਼ਬਰ ਮਿਲੀ ਕਿ ਅਦਾਲਤ ਵੱਲੋਂ ਉਸ ਨੂੰ ਸਜ਼ਾ-ਏ-ਮੌਤ ਸੁਣਾ ਦਿੱਤੀ ਗਈ ਹੈ।
ਘਰ ਦਾ ਇਕਲੌਤਾ ਚਿਰਾਗ ਹੈ ਗੁਰਪ੍ਰੀਤ
ਗੁਰਪ੍ਰੀਤ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ। ਉਸ ਦੇ ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। ਘਰ 'ਚ ਉਸ ਦੀ ਬਜ਼ੁਰਗ ਮਾਤਾ ਸਤਵੰਤ ਕੌਰ ਇਕੱਲੀ ਰਹਿੰਦੀ ਹੈ ਅਤੇ ਉਸ ਦਾ ਹੋਰ ਕੋਈ ਵੀ ਸਹਾਰਾ ਨਹੀਂ ਹੈ।
ਇਹ ਵੀ ਪੜ੍ਹੋ: LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਆਇਆ ਸਾਹਮਣੇ

ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ, "ਗੁਰਪ੍ਰੀਤ ਆਪਣੇ ਘਰ ਦਾ ਇਕੋ-ਇਕ ਸਹਾਰਾ ਅਤੇ ਚਿਰਾਗ ਹੈ। ਜੇਕਰ ਉਸ ਨੂੰ ਕੁਝ ਹੋ ਜਾਂਦਾ ਹੈ ਤਾਂ ਪਰਿਵਾਰ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ। ਅਸੀਂ ਸਰਕਾਰਾਂ ਅੱਗੇ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਸਾਡੇ ਬੱਚੇ ਨੂੰ ਸਹੀ-ਸਲਾਮਤ ਘਰ ਵਾਪਸ ਲਿਆਂਦਾ ਜਾਵੇ।"
ਸਰਕਾਰਾਂ ਅਤੇ ਸਮਾਜ ਸੇਵੀਆਂ ਅੱਗੇ ਗੁਹਾਰ
ਬਜ਼ੁਰਗ ਮਾਂ ਅਤੇ ਪਰਿਵਾਰ ਨੇ ਭਾਰਤ ਸਰਕਾਰ, ਭਾਰਤੀ ਦੂਤਾਵਾਸ (Indian Embassy) ਅਤੇ ਸਬੰਧਤ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਗੁਰਪ੍ਰੀਤ ਨੂੰ ਤੁਰੰਤ ਕਾਨੂੰਨੀ ਅਤੇ ਕੂਟਨੀਤਕ (diplomatic) ਸਹਾਇਤਾ ਮੁਹੱਈਆ ਕਰਵਾਈ ਜਾਵੇ। ਇਸ ਦੇ ਨਾਲ ਹੀ ਪਰਿਵਾਰ ਵੱਲੋਂ ਸਥਾਨਕ ਵਿਧਾਇਕ ਅਤੇ 'ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ' ਦੇ ਮੁੱਖੀ ਡਾ. ਐੱਸ.ਪੀ. ਸਿੰਘ ਓਬਰਾਏ ਤੋਂ ਵੀ ਮਦਦ ਦੀ ਅਪੀਲ ਕੀਤੀ ਗਈ ਹੈ। ਹੁਣ ਪੀੜਤ ਪਰਿਵਾਰ ਦੀਆਂ ਨਜ਼ਰਾਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਅਗਲੀ ਕਾਰਵਾਈ 'ਤੇ ਟਿਕੀਆਂ ਹੋਈਆਂ ਹਨ।
ਇਹ ਵੀ ਪੜ੍ਹੋ: 2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ ਐਲਾਨ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
