ਤਲਾਕ ਲਏ ਬਿਨਾਂ ਦੂਜਾ ਵਿਆਹ ਕਰ ਰਹੇ ਪਤੀ ਦਾ ਪਹਿਲੀ ਪਤਨੀ ਨੇ ਕੀਤਾ ਅਜਿਹਾ ਹਾਲ

Friday, Jul 10, 2020 - 06:15 PM (IST)

ਤਲਾਕ ਲਏ ਬਿਨਾਂ ਦੂਜਾ ਵਿਆਹ ਕਰ ਰਹੇ ਪਤੀ ਦਾ ਪਹਿਲੀ ਪਤਨੀ ਨੇ ਕੀਤਾ ਅਜਿਹਾ ਹਾਲ

ਘਨੌਰ (ਅਲੀ): ਦੂਜਾ ਵਿਆਹ ਕਰਵਾਉਣ ਜਾ ਰਹੇ ਇਕ ਵਿਅਕਤੀ ਨੂੰ ਉਸ ਦੀ ਪਹਿਲੀ ਪਤਨੀ ਨੇ ਗੁਰਦੁਆਰਾ ਸਾਹਿਬ ਵਿਚ ਆ ਕੇ ਰੰਗੇ ਹੱਥੀਂ ਫੜ ਲਿਆ, ਜਿਸ 'ਤੇ ਪੁਲਸ ਨੇ ਲਾੜੇ ਨੂੰ ਕਾਬੂ ਕਰ ਲਿਆ । ਘਨੌਰ ਨੇੜਲੇ ਪਿੰਡ ਜੰਡਮੰਗੌਲੀ ਦੇ ਗੁਰਦੁਆਰਾ ਬੂੰਗਾ ਸਾਹਿਬ ਵਿਖੇ ਇਹ ਘਟਨਾ ਵਾਪਰੀ ਹੈ। ਅਨੰਦ ਕਾਰਜ ਕਰਵਾਉਣ ਆਏ ਲਾੜਾ-ਲਾੜੀ ਜਦੋਂ ਵਿਆਹ ਦੇ ਬੰਧਨ ਵਿਚ ਬੱਝਣ ਲਈ ਤਿਆਰ ਸਨ ਤਾਂ ਉੱਥੇ ਲਾੜੇ ਦੀ ਪਹਿਲੀ ਪਤਨੀ ਪਰਿਵਾਰ ਸਮੇਤ ਪਹੁੰਚ ਗਈ, ਜਿਸ ਨੇ ਅਨੰਦ ਕਾਰਜ ਲਈ ਬੈਠੇ ਆਪਣੇ ਪਤੀ ਨੂੰ ਗਲਾਵੇ ਤੋਂ ਫੜ੍ਹ ਕੇ ਘਸੀਟਿਆ ਤਾਂ ਲਾੜੀ ਸਮੇਤ ਲੜਕੇ ਦੀਆਂ ਭੈਣਾਂ ਅਤੇ ਪਰਿਵਾਰ ਮੌਕੇ ਤੋਂ ਫਰਾਰ ਹੋ ਗਿਆ। ਪਿੰਡ ਵਾਸੀਆਂ ਨੇ ਪਹਿਲੀ ਪਤਨੀ ਦਾ ਸਾਥ ਦਿੱਤਾ ਅਤੇ ਭੱਜਣ ਲੱਗੇ ਲਾੜੇ ਨੂੰ ਮੌਕੇ 'ਤੇ ਹੀ ਫੜ ਲਿਆ, ਜਿਸ ਦੀ ਸੂਚਨਾ ਪੁਲਸ ਥਾਣਾ ਘਨੌਰ ਨੂੰ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾੜੇ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ: ਵਿਹਲੜਾਂ ਲਈ ਮਿਸਾਲ ਹੈ ਬੀ.ਐੱਡ. ਪਾਸ ਅਪਾਹਜ ਨੌਜਵਾਨ, ਨੌਕਰੀ ਨਾ ਮਿਲਣ 'ਤੇ ਇੰਝ ਕਰ ਰਿਹੈ ਘਰ ਦਾ ਗੁਜ਼ਾਰਾ

ਇਸ ਮੌਕੇ ਮਨਜੀਤ ਕੌਰ ਪੁੱਤਰੀ ਜਸਵੀਰ ਸਿੰਘ ਵਾਸੀ ਮੌੜ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਮੇਰਾ ਵਿਆਹ 6 ਮਹੀਨੇ ਪਹਿਲਾਂ ਜ਼ਬਰਜੰਗ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਭੈਣੀ ਚੂਹੜ ਜ਼ਿਲ੍ਹਾ ਬਠਿੰਡਾ ਨਾਲ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਮੇਰੇ ਮਾਪਿਆਂ ਨੇ ਆਪਣੀ ਹੈਸੀਅਤ ਮੁਤਾਬਕ ਘਰੇਲੂ ਵਰਤਣਯੋਗ ਸਾਮਾਨ ਦਿੱਤਾ ਅਤੇ 4 ਲੱਖ ਰੁਪਏ ਨਗਦ ਲੜਕੇ ਦੀ ਝੋਲੀ ਪਾਏ । ਕੁਝ ਦਿਨਾਂ ਬਾਅਦ ਹੀ ਸਹੁਰੇ ਪਰਿਵਾਰ ਨੇ ਮੈਨੂੰ ਕੁੱਟਣਾ ਅਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਸ 'ਤੇ ਮੈਂ ਆਪਣੇ ਪੇਕੇ ਘਰ ਚਲੀ ਗਈ। ਉਨ੍ਹਾਂ ਕਿਹਾ ਕਿ ਮੇਰੇ ਪਿੱਛੋਂ ਪਤੀ ਜ਼ਬਰਜੰਗ ਸਿੰਘ ਨੇ ਕਿਸੇ ਹੋਰ ਲੜਕੀ ਨਾਲ ਨਾਜਾਇਜ਼ ਸਬੰਧ ਬਣਾ ਲਏ।
ਮਨਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦੀ ਫੋਨ 'ਤੇ ਹੁੰਦੀ ਗੱਲਬਾਤ ਦੀ ਰਿਕਾਰਡਿੰਗ ਵੀ ਮੇਰੇ ਕੋਲ ਮੌਜੂਦ ਹੈ, ਜਿਸ 'ਤੇ ਸਾਨੂੰ ਸ਼ੱਕ ਹੋਇਆ ਕਿ ਅੱਜ ਇਹ ਵਿਆਹ ਕਰਵਾਉਣ ਜਾ ਰਹੇ ਹਨ। ਜਦੋਂ ਪਤਾ ਲੱਗਾ ਕਿ ਲੜਕੀ ਸੰਧਾਰਸੀ ਪਿੰਡ ਦੀ ਹੈ ਤਾਂ ਮੈਂ ਆਪਣੇ ਪਿਤਾ ਨਾਲ ਬਠਿੰਡੇ ਤੋਂ ਪਿੰਡ ਸੰਧਾਰਸੀ ਵਿਖੇ ਪਹੁੰਚੀ ਤਾਂ ਦੇਖਿਆ ਕਿ ਇਹ ਵਿਆਹ ਕਰਵਾ ਰਹੇ ਸਨ। ਮਨਜੀਤ ਕੌਰ ਦੇ ਬਿਆਨਾਂ 'ਤੇ ਪੁਲਸ ਨੇ ਜ਼ਬਰਜੰਗ ਪੁੱਤਰ ਸੁਖਦੇਵ ਸਿੰਘ ਵਾਸੀ ਭੈਣੀ ਚਹੂੜ ਥਾਣਾ ਮੌੜ ਜ਼ਿਲਾ ਬਠਿੰਡਾ, ਯਾਦਵਿੰਦਰ ਕੌਰ ਅਤੇ ਲਖਵਿੰਦਰ ਕੌਰ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਸਬੰਧੀ ਜਦੋਂ ਸੰਧਾਰਸੀ ਵਾਲੀ ਲੜਕੀ ਦੇ ਭਰਾ ਗੁਰਦੀਪ ਸਿੰਘ ਪੁੱਤਰ ਲਾਭ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਇਸ ਲੜਕੇ ਨੇ ਸਾਡੀ ਲੜਕੀ ਨੂੰ ਆਪਣੇ ਜਾਲ ਵਿਚ ਫਸਾ ਲਿਆ ਹੈ। ਵਿਆਹ ਤੋਂ ਦੋ ਦਿਨ ਪਹਿਲਾਂ ਹੀ ਜ਼ਬਰਜੰਗ ਸਿੰਘ ਨੇ ਸ਼ਗਨ ਵਜੋਂ ਸਾਡੇ ਤੋਂ 4 ਲੱਖ ਰੁਪਏ ਲੈ ਲਏ । ਅਸੀਂ ਹੋਰ ਵੀ ਖਰਚਾ ਕੀਤਾ, ਜਿਸ 'ਤੇ ਸਾਡਾ ਲੱਖਾਂ ਦਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ: 65 ਸਾਲਾ ਬੁੱਢੀ ਜਨਾਨੀ ਨਾਲ ਬਲਾਤਕਾਰ ਦੇ ਮਾਮਲੇ 'ਚ ਆਇਆ ਨਵਾਂ ਮੋੜ


author

Shyna

Content Editor

Related News