ਪੰਜਾਬ ਪੁਲਸ ਨੇ ਸੂਬੇ ਭਰ ਦੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ’ਤੇ ਚਲਾਈ ਤਲਾਸ਼ੀ ਮੁਹਿੰਮ, 115 ਗ੍ਰਿਫ਼ਤਾਰ, 62 FIR
Monday, Apr 17, 2023 - 01:05 AM (IST)
ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਸ ਨੇ ਐਤਵਾਰ ਸੂਬੇ ਭਰ ਦੇ ਸਾਰੇ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ’ਤੇ ਵਿਸ਼ੇਸ਼ ਕਾਰਡਨ ਅਤੇ ਸਰਚ ਆਪ੍ਰੇਸ਼ਨ (ਸੀ.ਏ.ਐੱਸ.ਓ.) ਚਲਾਇਆ। ਇਹ ਕਾਰਵਾਈ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਕੀਤੀ ਗਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅੰਮ੍ਰਿਤਸਰ 'ਚ ਭਾਜਪਾ ਨੇਤਾ 'ਤੇ ਚੱਲੀਆਂ ਤਾਬੜਤੋੜ ਗੋਲ਼ੀਆਂ
ਗੌਰਵ ਯਾਦਵ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਸਾਰੇ 28 ਪੁਲਸ ਜ਼ਿਲ੍ਹਿਆਂ ’ਚ ਦੁਪਹਿਰ 2 ਤੋਂ ਸ਼ਾਮ 6 ਵਜੇ ਤੱਕ ਇਕੋ ਸਮੇਂ ਚਲਾਇਆ ਗਿਆ, ਜਿਸ ਤਹਿਤ ਪੁਲਸ ਟੀਮਾਂ ਅਤੇ ਕੇਂਦਰੀ ਹਥਿਆਰਬੰਦ ਪੁਲਸ ਫੋਰਸਾਂ (ਸੀ.ਏ.ਪੀ.ਐੱਫ.) ਦੀਆਂ ਟੀਮਾਂ ਨੇ ਖੋਜੀ ਕੁੱਤਿਆਂ ਦੀ ਮਦਦ ਨਾਲ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ’ਤੇ ਆਉਣ-ਜਾਣ ਵਾਲੇ ਲੋਕਾਂ ਦੀ ਤਲਾਸ਼ੀ ਲਈ। ਇਸ ਦੌਰਾਨ ਪੁਲਸ ਟੀਮਾਂ ਨੇ ਸ਼ੱਕੀ ਲੋਕਾਂ ਦੀ ਜਾਂਚ-ਪੜਤਾਲ ਵੀ ਕੀਤੀ। ਸਪੈਸ਼ਲ ਡੀ.ਜੀ.ਪੀ. (ਕਾਨੂੰਨ-ਵਿਵਸਥਾ) ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਨੂੰ ਸਫ਼ਲ ਬਣਾਉਣ ਲਈ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ਼. ਨੂੰ ਐੱਸ.ਪੀ. ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਵੱਧ ਤੋਂ ਵੱਧ ਪੁਲਸ ਟੀਮਾਂ ਨੂੰ ਇਕੱਠੇ ਹੋਣ ਲਈ ਕਿਹਾ ਗਿਆ ਸੀ।
ਇਹ ਵੀ ਪੜ੍ਹੋ : ਖੇਤਾਂ 'ਚੋਂ ਮਿਲੇ ਹੈਰੋਇਨ ਦੇ 2 ਪੈਕੇਟ, ਪੁਲਸ ਤੇ BSF ਨੇ ਚਲਾਈ ਸਰਚ ਮੁਹਿੰਮ
ਉਨ੍ਹਾਂ ਕਿਹਾ ਕਿ ਅਸੀਂ ਸਾਰੇ ਪੁਲਸ ਮੁਲਾਜ਼ਮਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ ਕਿ ਉਹ ਇਸ ਕਾਰਵਾਈ ਦੌਰਾਨ ਹਰੇਕ ਵਿਅਕਤੀ ਨਾਲ ਦੋਸਤਾਨਾ ਢੰਗ ਅਤੇ ਨਿਮਰਤਾ ਨਾਲ ਪੇਸ਼ ਆਉਣ। ਸੂਬੇ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ’ਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਸੂਬੇ ਭਰ ’ਚ 550 ਪੈਟਰੋਲਿੰਗ ਪਾਰਟੀਆਂ, ਜਿਨ੍ਹਾਂ ’ਚ ਸੀ.ਏ.ਪੀ.ਐੱਫ. ਟੀਮਾਂ ਨਾਲ 5500 ਪੁਲਸ ਮੁਲਾਜ਼ਮ ਸ਼ਾਮਲ ਸਨ, ਤਾਇਨਾਤ ਕੀਤੀਆਂ ਗਈਆਂ ਸਨ ਤਾਂ ਜੋ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਇਹ ਵੀ ਪੜ੍ਹੋ : ਨਹਿਰ ’ਚੋਂ ਮਿਲੀਆਂ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ, ਵਿਸਾਖੀ ਵਾਲੇ ਦਿਨ ਪਾਣੀ ’ਚ ਗਏ ਸਨ ਰੁੜ੍ਹ
ਉਨ੍ਹਾਂ ਦੱਸਿਆ ਕਿ ਸੂਬੇ ਦੇ 170 ਬੱਸ ਅੱਡਿਆਂ ਤੇ 132 ਰੇਲਵੇ ਸਟੇਸ਼ਨਾਂ ’ਤੇ ਚਲਾਏ ਗਏ ਆਪ੍ਰੇਸ਼ਨ ਦੌਰਾਨ 3304 ਦੇ ਕਰੀਬ ਲੋਕਾਂ ਦੀ ਚੈਕਿੰਗ ਕੀਤੀ ਗਈ। ਸਪੈਸ਼ਲ ਡੀ.ਜੀ.ਪੀ. ਨੇ ਕਿਹਾ ਕਿ ਪੁਲਸ ਟੀਮਾਂ ਨੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ 62 ਐੱਫ.ਆਈ.ਆਰ. ਦਰਜ ਕਰਕੇ 115 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਟੀਮਾਂ ਨੇ ਮੁਲਜ਼ਮਾਂ ਕੋਲੋਂ 900 ਗ੍ਰਾਮ ਹੈਰੋਇਨ ਅਤੇ 1.2 ਕਿਲੋ ਅਫੀਮ ਤੋਂ ਇਲਾਵਾ ਨਾਜਾਇਜ਼ ਸ਼ਰਾਬ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਅਰਪਿਤ ਸ਼ੁਕਲਾ ਨੇ ਕਿਹਾ ਕਿ ਅਜਿਹੇ ਆਪ੍ਰੇਸ਼ਨ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਸੂਬੇ ’ਚੋਂ ਨਸ਼ਿਆਂ ਅਤੇ ਗੈਂਗਸਟਰਾਂ ਦਾ ਸਫਾਇਆ ਨਹੀਂ ਹੋ ਜਾਂਦਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।