ਪੁਲਸ ਨੇ ਏਅਰਬੇਸ ਨਾਲ ਲੱਗਦੇ ਇਲਾਕੇ ''ਚ ਚਲਾਈ ਸਰਚ ਮੁਹਿੰਮ, ਝੁੱਗੀਆਂ-ਝੌਂਪੜੀਆਂ ਦੀ ਲਈ ਤਲਾਸ਼ੀ
Thursday, Dec 29, 2022 - 03:24 PM (IST)

ਪਠਾਨਕੋਟ (ਧਰਮਿੰਦਰ) : ਸੁਰੱਖਿਆ ਏਜੰਸੀਆਂ ਤੋਂ ਲਗਾਤਾਰ ਮਿਲ ਰਹੀਆਂ ਇਨਪੁੱਟਸ ਦੇ ਮੱਦੇਨਜ਼ਰ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ। ਇਸ ਕਾਰਨ ਅੱਜ ਪਠਾਨਕੋਟ ਪੁਲਸ ਵੱਲੋਂ ਏਅਰਬੇਸ ਨਾਲ ਲੱਗਦੀਆਂ ਝੁੱਗੀਆਂ-ਝੌਂਪੜੀਆਂ 'ਚ ਰਹਿ ਰਹੇ ਪਰਵਾਸੀ ਲੋਕਾਂ ਅਤੇ ਖੰਡਰ ਪਈਆਂ ਥਾਵਾਂ 'ਤੇ ਤਲਾਸ਼ੀ ਲਈ ਗਈ ਤਾਂ ਜੋ ਕਿਸੇ ਤਰ੍ਹਾਂ ਵੀ ਸ਼ਰਾਰਤੀ ਅਨਸਰਾਂ ਵੱਲੋਂ ਇਨ੍ਹਾਂ ਥਾਵਾਂ 'ਤੇ ਲੁਕ ਕੇ ਕਿਸੇ ਵਾਰਦਾਤ ਨੂੰ ਅੰਜਾਮ ਨਾ ਦਿੱਤਾ ਦਿੱਤਾ ਜਾ ਸਕੇ।
ਦੱਸਣਯੋਗ ਹੈ ਕਿ ਸਾਲ 2016 'ਚ ਨਵੇਂ ਸਾਲ ਦੀ ਆਮਦ 'ਤੇ ਹੀ ਪਠਾਨਕੋਟ ਏਅਰਬੇਸ 'ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ਨੂੰ ਲੈ ਕੇ ਪੁਲਸ ਪੂਰੀ ਤਰ੍ਹਾਂ ਮੁਸਤੈਦ ਹਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਤਿਆਰ ਹੈ। ਇਸ ਬਾਰੇ ਜਦੋਂ ਡੀ. ਐੱਸ. ਪੀ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਸਰਚ ਆਪਰੇਸ਼ਨ ਦੇ ਹੁਕਮ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਝੁੱਗੀਆਂ-ਝੌਂਪੜੀਆਂ ਅਤੇ ਖੰਡਰ ਪਈਆਂ ਥਾਵਾਂ ਨੂੰ ਖੰਗਾਲਿਆ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ।