ਸਕ੍ਰੈਪ ਬਲਾਸਟ : ਮ੍ਰਿਤਕਾਂ ਤੇ ਜ਼ਖਮੀਆਂ ਲਈ ਮੁੱਖ ਮੰਤਰੀ ਨੇ ਕੀਤਾ ਮਾਲੀ ਸਹਾਇਤਾ ਦੇਣ ਦਾ ਐਲਾਨ
Tuesday, Mar 20, 2018 - 02:54 PM (IST)

ਪਟਿਆਲਾ (ਬਲਜਿੰਦਰ)-ਪਟਿਆਲਾ ਦੀ ਲੱਕੜ ਮੰਡੀ ਦੇ ਪਿਛਲੇ ਪਾਸੇ ਵਸੀ ਬਾਬਾ ਬੀਰ ਸਿੰਘ-ਧੀਰ ਸਿੰਘ ਕਾਲੋਨੀ ਵਿਖੇ ਕਬਾੜ ਚੁਗਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੌਂਪੜੀਆਂ ਵਿਚ ਅੱਜ ਸਵੇਰੇ ਅਚਾਨਕ ਹੋਏ ਧਮਾਕੇ ਕਾਰਨ ਬੱਚੇ ਸਮੇਤ 2 ਜਣਿਆਂ ਦੀ ਮੌਤ ਹੋ ਗਈ। 4 ਜ਼ਖਮੀ ਹੋ ਗਏ। ਹਾਦਸੇ ਵਾਲੀ ਥਾਂ ਦਾ ਦੌਰਾ ਕਰਦਿਆਂ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਉਨ੍ਹਾਂ ਨਾਲ ਮੁੱਖ ਮੰਤਰੀ ਦੇ ਓ. ਐੈੱਸ. ਡੀ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ ਵੀ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਦੀ ਨਿਆਇਕ ਜਾਂਚ ਕਰਵਾਉਣ ਦਾ ਹੁਕਮ ਦਿੱਤਾ। ਐੈੱਸ. ਡੀ. ਐੈੱਮ. ਅਨਮੋਲ ਧਾਲੀਵਾਲ ਇਸ ਮਾਮਲੇ ਦੀ ਨਿਆਇਕ ਜਾਂਚ ਕਰਨਗੇ। ਇਸ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਵੱਲੋਂ ਇਸ ਘਟਨਾ 'ਤੇ ਅਫਸੋਸ ਜਤਾਉਣ ਬਾਰੇ ਜਾਣਕਾਰੀ ਦਿੰਦਿਆਂ ਮਰਨ ਵਾਲਿਆਂ ਦੇ ਵਾਰਸਾਂ ਨੂੰ 1-1 ਲੱਖ ਰੁਪਏ ਸਹਾਇਤਾ ਰਾਸ਼ੀ ਤੇ ਜ਼ਖਮੀਆਂ ਨੂੰ 25-25 ਹਜ਼ਾਰ ਰੁਪਏ ਦਿੱਤੇ ਜਾਣ ਦਾ ਐਲਾਨ ਕੀਤਾ।