ਸਕਾਰਪੀਓ ’ਚ ਆਏ ਚੋਰਾਂ ਟੱਪੀ ਘਰ ਦੀ ਕੰਧ
Wednesday, Jun 20, 2018 - 04:08 AM (IST)

ਅੰਮ੍ਰਿਤਸਰ, (ਅਰੁਣ)- ਅੰਨਗਡ਼੍ਹ ਇਲਾਕੇ ਨੇੜੇ ਪੈਂਦੇ ਖੇਤਰ ਸਤਨਾਮ ਐਵੀਨਿਊ ’ਚ ਚੋਰਾਂ ਦੇ ਹੌਸਲੇ ਇਸ ਕਦਰ ਵੱੱਧ ਗਏ ਹਨ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਚੋਰ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਮਿਟਾਉਣ ਵੀ ਪੁੱਜ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਉਕਤ ਇਲਾਕਾ ਵਾਸੀ ਵਿਕਰਮਜੀਤ ਸਿੰਘ ਤੇ ਹਰਸਿਮਰਨਜੀਤ ਸਿੰਘ (ਦੋਵੇਂ ਭਰਾ) ਆਪਣੇ ਪਰਿਵਾਰਾਂ ਸਮੇਤ ਬਾਬਾ ਬਾਲਕ ਨਾਥ ਦਰਸ਼ਨ ਕਰਨ ਗਏ ਸਨ, ਮਗਰੋਂ ਸ਼ਨੀਵਾਰ ਦੀ ਰਾਤ ਸਕਾਰਪੀਓ ਗੱਡੀ ’ਚ ਆਏ 5-6 ਲੁਟੇਰਿਆਂ ਨੇ ਘਰ ਦੀ ਕੰਧ ਟੱਪ ਕੇ ਅਲਮਾਰੀਆਂ ਦੇ ਤਾਲੇ ਤੋਡ਼ ਦਿੱਤੇ ਤੇ ਨਕਦੀ, ਚਾਂਦੀ ਦੇ ਗਹਿਣੇ ਤੇ ਕੁਝ ਕੱਪਡ਼ੇ ਚੋਰੀ ਕਰ ਕੇ ਲੈ ਗਏ। ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਰਾਂ ਨੇ ਸਿਰਫ ਨਕਦੀ ਤੇ ਚਾਂਦੀ ਦੇ ਗਹਿਣਿਅਾਂ ਨੂੰ ਹੀ ਹੱਥ ਪਾਇਆ, ਜਦਕਿ ਹੋਰ ਕੀਮਤੀ ਸਾਮਾਨ ਮੋਬਾਇਲ ਆਦਿ ਨਹੀਂ ਲੈ ਕੇ ਗਏ। ਕੁਝ ਮੁਹੱਲਾ ਵਾਸੀਅਾਂ ਨੇ ਦੱਸਿਆ ਕਿ ਅਗਲੀ ਸਵੇਰ ਪੁੱਜੇ ਗਿਰੋਹ ਦੇ ਕੁਝ ਮੈਂਬਰ ਸਕਾਰਪੀਓ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਵੀ ਮਿਟਾ ਗਏ।
®ਕੀ ਕਹਿਣਾ ਹੈ ਚੌਕੀ ਇੰਚਾਰਜ ਦਾ
ਅੰਨਗਡ਼੍ਹ ਪੁਲਸ ਚੌਕੀ ਇੰਚਾਰਜ ਏ. ਐੱਸ. ਆਈ. ਸ਼ਿਵ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਜਲਦ ਹੀ ਚੋਰਾਂ ਦਾ ਸੁਰਾਗ ਲਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਪੀ. ਸੀ. ਆਰ. ਦੀ ਨਫਰੀ ਵਧਾਉਣ ਲਈ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ।