ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਤਕ ਦੇ ਸਿਲੇਬਸ ''ਚ ਹੋਵੇਗੀ ਤਬਦੀਲੀ
Tuesday, Dec 19, 2017 - 06:20 PM (IST)

ਅੰਮ੍ਰਿਤਸਰ (ਦਲਜੀਤ) - ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਤਕ ਦੇ ਵਿਦਿਆਰਥੀ ਹੁਣ ਸਰਲ ਤੇ ਮਿਆਰੀ ਸਿੱਖਿਆ ਹਾਸਲ ਕਰਨਗੇ। ਸਿੱਖਿਆ ਵਿਭਾਗ ਵੱਲੋਂ ਅਕਾਦਮਿਕ ਸੈਸ਼ਨ 2018 ਤੇ 2019 ਵਿਚ ਜਾਰੀ ਕੀਤੀਆਂ ਜਾਣ ਵਾਲੀਆਂ ਕਿਤਾਬਾਂ ਦੇ ਸਿਲੇਬਸ ਵਿਚ ਅਹਿਮ ਤਬਦੀਲੀ ਕੀਤੀ ਜਾ ਰਹੀ ਹੈ। ਨਵੇਂ ਸਿਲੇਬਸ ਵਿਚ ਅਧਿਆਪਕਾਂ ਨੂੰ ਵੀ ਨਵੀਂ ਤਕਨੀਕ ਅਨੁਸਾਰ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਕਿਤਾਬਾਂ ਵਿਚ ਗੁਰ ਦੱਸੇ ਹੋਣਗੇ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਪਿਛਲੇ ਕਈ ਸਾਲਾਂ ਤੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮਾੜੇ ਆ ਰਹੇ ਨਤੀਜਿਆਂ ਸਬੰਧੀ ਕਾਫੀ ਗੰਭੀਰ ਸੀ। ਵਿਭਾਗ ਨੇ ਉਕਤ ਸਮੱਸਿਆ ਦਾ ਹੱਲ ਕੱਢਣ ਲਈ ਬੁੱਧੀਜੀਵੀਆਂ ਤੇ ਵਿÎਭਾਗ ਦੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰ ਕੇ ਸਿਲੇਬਸ 'ਚ ਤਬਦੀਲੀ ਲਿਆਉਣ ਦਾ ਅਹਿਮ ਫੈਸਲਾ ਲਿਆ ਹੈ। ਵਿਭਾਗ ਸੂਤਰ ਦੱਸਦੇ ਹਨ ਕਿ ਨਵੇਂ ਸਿਲੇਬਸ ਵਿਚ ਵਿਦਿਆਰਥੀਆਂ ਨੂੰ ਹਿਸਾਬ ਦੀ ਕਿਤਾਬ ਵਿਚ ਕਹਾਣੀਆਂ ਬਣਾ ਕੇ ਹਿਸਾਬ ਨਹੀਂ ਪੜ੍ਹਾਇਆ ਜਾਵੇਗਾ। ਬਲਕਿ ਰੱਟਾ ਮਰਨ ਦੀ ਪ੍ਰਕਿਰਿਆ ਤੋਂ ਬਾਹਰ ਕੱਢ ਕੇ ਬਲੈਕ ਬੋਰਡ 'ਤੇ ਅਭਿਆਸ 'ਤੇ ਜ਼ੋਰ ਦਿੱਤਾ ਜਾਵੇਗਾ। ਸੂਤਰ ਇਹ ਵੀ ਦੱਸਦੇ ਹਨ ਕਿ ਵਿਦਿਆਰਥੀਆਂ ਨੂੰ ਪੁਰਾਣੇ ਸਿਲੇਬਸ ਵਿਚ ਜੋ ਅੱਖਰ ਬੇਹੱਦ ਔਖੇ ਲੱਗਦੇ ਹਨ ਜਾਂ ਯਾਦ ਨਹੀਂ ਹੁੰਦੇ ਸਨ। ਉਨ੍ਹਾਂ ਨੂੰ ਵੀ ਨਵੇਂ ਸਿਲੇਬਸ ਅਨੁਸਾਰ ਬਾਹਰ ਕੱਢ ਦਿੱਤਾ ਜਾਵੇਗਾ ਤੇ ਸਰਲ ਅੱਖਰ ਉਸ ਵਿਚ ਸ਼ਾਮਲ ਕੀਤੇ ਜਾਣਗੇ।
ਬੋਰਡ ਤੇ ਐੱਸ. ਸੀ. ਆਰ. ਟੀ. ਦੀ ਅਹਿਮ ਜ਼ਿੰਮੇਵਾਰੀ
ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਦਾ ਭਵਿੱਖ ਰੁਸ਼ਨਾਉਣ 'ਚ ਐੱਸ. ਸੀ. ਆਰ. ਟੀ. ਦੀ ਅਹਿਮ ਜ਼ਿੰਮੇਵਾਰੀ ਨਿਭਾਉਂਦਾ ਹੈ। ਐੱਸ. ਸੀ. ਆਰ. ਟੀ. ਵੱਲੋਂ ਸਿਲੇਬਸ ਤਿਆਰ ਕਰਵਾ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮਸ਼ੀਨਰੀ ਤੋਂ ਛਪਵਾ ਕੇ ਕਿਤਾਬਾਂ ਦੇ ਰੂਪ ਵਿਚ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਮੁਫਤ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ਦੇ ਰੂਪ ਵਿਚ ਦਿੱਤਾ ਜਾਂਦਾ ਹੈ।
ਅਧਿਆਪਕ ਕਿਤਾਬਾਂ 'ਚੋਂ ਸਿਖਾਉਣਗੇ ਨਵੇਂ ਗੁਰ
ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਅਧਿਆਪਕਾਂ ਨੂੰ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਵਿਚ ਖਾਸ ਨੋਟ ਦਿੱਤੇ ਹੋਣਗੇ। ਉਸੇ ਅਨੁਸਾਰ ਹੀ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਉਣਗੇ। ਐੱਸ. ਸੀ. ਆਰ. ਟੀ. ਵੱਲੋਂ ਇਸ ਸਬੰਧੀ ਮਾਹਿਰਾਂ ਦੀ ਸਲਾਹ ਲੈ ਕੇ ਤੇਜ਼ੀ ਨਾਲ ਜਾ ਕੇ ਡੂੰਘਾਈ ਨਾਲ ਕੰਮ ਕੀਤਾ ਜਾ ਰਿਹਾ ਹੈ। ਵਿਭਾਗ ਦਾ ਮੁੱਖ ਮਕਸਦ ਵਿਦਿਆਰਥੀਆਂ 'ਤੇ ਜ਼ਿਆਦਾ ਬੋਝ ਨਾ ਪਾ ਕੇ ਸਰਲ ਤੇ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ।
ਨੈਸ਼ਨਲ ਪੱਧਰ ਦਾ ਵੀ ਮਿਲੇਗਾ ਗਿਆਨ
ਅਕਾਦਮਿਕ ਸਾਲ 2018 ਤੇ 2019 ਵਿਚ ਜਾਰੀ ਹੋਣ ਵਾਲੇ ਸਿਲੇਬਸ ਵਿਚ ਵਿਦਿਆਰਥੀਆਂ ਨੂੰ ਨੈਸ਼ਨਲ ਪੱਧਰ ਦਾ ਵੀ ਗਿਆਨ ਮਿਲੇਗਾ। ਨੈਸ਼ਨਲ ਕਰੀਕੁਲਮ ਫਰੇਮ ਵਰਕ 2005 ਅਨੁਸਾਰ ਪ੍ਰਾਪਤ ਹੋਈਆਂ ਸਿਫਾਰਿਸ਼ਾਂ ਦੇ ਆਧਾਰ ਤੇ ਐੱਨ.ਸੀ.ਆਰ.ਟੀ.ਵੱਲੋਂ ਹਦਾਇਤਾਂ ਨੂੰ ਧਿਆਨ ਵਿਚ ਰੱਖ ਕੇ ਨਵੀਆਂ ਜਾਰੀ ਕੀਤੀਆਂ ਜਾਣ ਵਾਲੀਆਂ ਕਿਤਾਬਾਂ ਦਾ ਕੰਟੈਂਟ ਤਬਦੀਲ ਕੀਤਾ ਜਾ ਰਿਹਾ ਹੈ। ਵਿਭਾਗ ਦੀ ਇਸ ਯੋਜਨਾ ਨਾਲ ਵਿਦਿਆਰਥੀਆਂ ਨੂੰ ਭਵਿੱਖ ਵਿਚ ਕਾਫੀ ਲਾਭ ਮਿਲੇਗਾ।
ਵਿਭਾਗ ਨੇ ਜਾਰੀ ਕੀਤੀਆਂ ਅਹਿਮ ਚਿੱਠੀਆਂ
ਸਿੱਖਿਆ ਵਿਭਾਗ ਵੱਲੋਂ ਸਿਲੇਬਸ 'ਚ ਤਬਦੀਲੀ ਲਿਆਉਣ ਤੋਂ ਪਹਿਲਾਂ ਛੋਟੀ ਉਮਰ ਦੇ ਵਿਦਿਆਰਥੀਆਂ ਨੂੰ ਵਾਟਰ ਤੇ ਸੈਨੀਟੇਸ਼ਨ ਪਾਣੀ ਦੀ ਅਹਿਮੀਅਤ, ਅੰਗਰੇਜ਼ੀ ਵਿਸ਼ਾ ਤਸਵੀਰਾਂ ਨਾਲ ਪੜ੍ਹਾਉਣ ਆਦਿ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਵਿਸ਼ਿਆਂ ਵਿਚ ਵਿਦਿਆਰਥੀਆਂ ਨੂੰ ਮੁਸ਼ਕਲ ਆਉਂਦੀ ਹੈ ਉਨ੍ਹਾਂ ਵਿਸ਼ਿਆਂ ਦੀਆਂ ਫੋਟੋਆਂ ਕਿਤਾਬਾਂ ਵਿਚ ਸ਼ਾਮਲ ਕੀਤੇ ਜਾਣ ਦੀ ਨਵੇਂ ਸਿਲੇਬਸ ਵਿਚ ਵਿਵਸਥਾ ਹੈ।
ਵਿਦਿਆਰਥੀਆਂ ਨੂੰ ਹੋਵੇਗਾ ਲਾਭ
ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਤਕ ਦੇ ਸਿਲੇਬਸ 'ਚ ਲਿਆਂਦੀਆਂ ਜਾ ਰਹੀਆਂ ਤਬਦੀਲੀਆਂ ਦਾ ਭਵਿੱਖ 'ਚ ਵਿਦਿਆਰਥੀਆਂ ਨੂੰ ਕਾਫੀ ਲਾਭ ਹੋਵੇਗਾ। ਵਿਦਿਆਰਥੀ ਜਿਥੇ ਆਸਾਨ ਢੰਗ ਨਾਲ ਸਿੱਖਿਆ ਹਾਸਲ ਕਰ ਸਕਣਗੇ। ਉਥੇ ਹੀ ਨਤੀਜਿਆਂ ਲਈ ਹੁਣ ਅਧਿਆਪਕ ਵਰਗ ਦੀ ਜ਼ਿੰਮੇਵਾਰੀ ਵੀ ਘੱਟ ਹੋ ਜਾਵੇਗੀ।
ਐੱਸ. ਸੀ. ਆਰ. ਟੀ. ਡਾਇਰੈਕਟਰ ਨੇ ਨਹੀਂ ਚੁੱਕਿਆ ਫੋਨ
ਇਸ ਸਬੰਧੀ ਐੱਸ. ਸੀ. ਆਰ. ਟੀ. ਦੇ ਡਾਇਰੈਕਟਰ ਸੁਖਦੇਵ ਸਿੰਘ ਕਾਹਲੋਂ ਨਾਲ ਫੋਨ 'ਤੇ ਕਈ ਵਾਰ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਹਮੇਸ਼ਾ ਵਾਂਗ ਫੋਨ ਹੀ ਚੁੱਕਣਾ ਮੁਨਾਸਿਬ ਨਹੀਂ ਸਮਝਿਆ।