ਤਰਨਤਾਰਨ: ਕਈ ਪਿੰਡਾਂ ਦੇ ਸਕੂਲਾਂ ''ਚ ਅੱਜ ਵੀ 5600 ਵਿਦਿਆਰਥੀਆਂ ਲਈ ਪੱਕਦਾ ਹੈ ਚੁੱਲ੍ਹਿਆਂ ''ਤੇ ਖਾਣਾ
Saturday, Sep 01, 2018 - 05:02 PM (IST)

ਭਿੱਖੀਵਿੰਡ—ਜ਼ਿਲਾ ਤਰਨਤਾਰਨ ਦੇ ਸਰਹੱਦੀ ਬਲਾਕ ਭਿੱਖੀਵਿੰਡ ਦੇ ਖਾਲੜਾ, ਬਹਿਬਲ, ਨਾਰਲੀ, ਗਿਲਪਨ ਅਤੇ ਭਿੱਖੀਵਿੰਡ ਸਮੇਤ ਹੋਰ ਕਈ ਪਿੰਡਾਂ ਦੇ ਪ੍ਰਾਇਮਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਲਈ ਅੱਜ ਵੀ ਖਾਣਾ ਰਸੋਈ 'ਚ ਨਹੀਂ ਬਲਕਿ ਖੁੱਲ੍ਹੇ ਮੈਦਾਨ 'ਚ ਮਿੱਟੀ ਦੇ ਚੁੱਲ੍ਹਿਆਂ ਅਤੇ ਲੱਕੜੀ ਦੇ ਬਾਲਣ ਨਾਲ ਤਿਆਰ ਕੀਤਾ ਜਾਂਦਾ ਹੈ।
ਇਸ ਦਾ ਮੁੱਖ ਕਾਰਨ ਇਨ੍ਹਾਂ ਸਕੂਲਾਂ ਵਾਸਤੇ ਰਸੋਈ ਘਰਾਂ ਲਈ ਪੂਰਾ ਬਜਟ ਨਾ ਰੱਖਿਆ ਜਾਣਾ ਅਤੇ ਜਿਨ੍ਹਾਂ ਰਸੋਈ ਘਰਾਂ ਲਈ ਗੈਸ ਕੁਨੈਕਸ਼ਨ ਜਾਰੀ ਕੀਤੇ ਗਏ ਹਨ ਉਨ੍ਹਾਂ 'ਚ ਗੈਸ ਸਿਲੰਡਰ ਨਾਲ ਭਰਵਾ ਕੇ ਦੇਣੇ ਹਨ। ਜਿਸ ਦੇ ਚਲਦੇ ਇਨ੍ਹਾਂ ਸਕੂਲਾਂ 'ਚ ਕੰਮ ਕਰਨ ਵਾਲੀਆਂ ਔਰਤਾਂ ਸਵੇਰ ਹੁੰਦੇ ਹੀ ਭੋਜਨ ਤਿਆਰ ਕਰਨ ਲਈ ਚੁੱਲ੍ਹਾ ਫੂਕਨਾ ਸ਼ੁਰੂ ਕਰ ਦਿੰਦੀਆਂ ਹਨ। ਇਸ ਦੇ ਨਾਲ ਸਕੂਲ ਅਤੇ ਆਸ-ਪਾਸ ਦੇ ਇਲਾਕੇ 'ਚ ਧੂੰਆਂ ਵੀ ਫੈਲਦਾ ਹੈ, ਜਿਸ ਨਾਲ ਪ੍ਰਦੂਸ਼ਣ ਵਧਦਾ ਹੈ।
ਇਸ ਬਾਰੇ 'ਚ ਮਨਜੀਤ ਕੌਰ, ਸਰਬਜੀਤ ਕੌਰ ਅਤੇ ਪਲਵਿੰਦਰ ਕੌਰ ਨੇ ਦੱਸਿਆ ਕਿ ਬਲਾਕ ਭਿੱਖੀਵਿੰਡ ਦੇ 64 ਸਕੂਲਾਂ ਦੇ ਬੱਚਿਆਂ ਲਈ ਭੋਜਨ ਲੱਕੜੀ ਨਾਲ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਗਰਮੀ ਅਤੇ ਸਰਦੀ ਦੇ ਦਿਨਾਂ 'ਚ ਲੱਕੜੀ ਨਾਲ ਭੋਜਨ ਤਿਆਰ ਕਰਨ 'ਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਪਰ ਬਰਸਾਤਾਂ ਦੇ ਦਿਨਾਂ 'ਚ ਬਾਲਣ ਗਿੱਲਾ ਹੋਣ ਦੇ ਕਾਰਨ ਭੋਜਨ ਤਿਆਰ ਕਰਨ 'ਚ ਪਰੇਸ਼ਾਨੀ ਹੁੰਦੀ ਹੈ। ਅਧਿਆਪਕਾਂ ਵਲੋਂ ਕਈ ਵਾਰ ਮੰਗ ਕੀਤੇ ਜਾਣ ਦੇ ਬਾਵਜੂਦ ਵੀ ਰਸੋਈ ਗੈਸ ਮੁਹੱਈਆ ਨਹੀਂ ਕਰਵਾਈ ਜਾ ਰਹੀ। ਇਸ ਮੌਕੇ ਅਧਿਆਪਕਾਂ ਨੇ ਦੱਸਿਆ ਕਿ ਬਾਲਣ ਦੇ ਰੂਪ 'ਚ ਜਿਹੜੀ ਲੱਕੜੀ ਵਰਤੀ ਜਾ ਰਹੀ ਹੈ, ਉਸ ਦੀ ਕੀਮਤ ਵੀ 800 ਰੁਪਏ ਪ੍ਰਤੀ ਕੁਇੰਟਲ ਹੈ, ਜੋ ਕਿ ਕਾਫੀ ਮਹਿੰਗੀ ਪੈਂਦੀ ਅਤੇ ਇਸ ਨਾਲ ਪਰੇਸ਼ਾਨੀ ਵੀ ਜ਼ਿਆਦਾ ਹੁੰਦੀ ਹੈ।
ਇਸ ਸਬੰਧੀ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਮੁਰੇਸ਼ ਚੰਦਰ ਜੋਸ਼ੀ ਨੇ ਕਿਹਾ ਕਿ ਜਲਦੀ ਹੀ ਸਰਵੇ ਕਰਵਾ ਕੇ ਸਕੂਲਾਂ ਨੂੰ ਗੈਸ ਕੁਨੈਕਸ਼ਨ ਮੁਹੱਈਆ ਕਰਵਾ ਦਿੱਤੇ ਜਾਣਗੇ।