ਸਕੂਲ ਗਿਆ ਬੱਚਾ ਘਰ ਨਹੀਂ ਪਰਤਿਆ, ਅਗਵਾ ਦਾ ਕੇਸ ਦਰਜ

02/14/2018 6:01:24 AM

ਬੇਗੋਵਾਲ, (ਰਾਜਿੰਦਰ)- ਨੇੜਲੇ ਪਿੰਡ ਕੂਕਾ ਵਿਖੇ ਸਕੂਲ ਵਿਚ ਪੜ੍ਹਨ ਗਿਆ ਬੱਚਾ ਸੌਰਵਪ੍ਰੀਤ ਘਰ ਵਾਪਸ ਨਹੀਂ ਪਰਤਿਆ। ਇਸ ਮਾਮਲੇ ਵਿਚ ਬੇਗੋਵਾਲ ਪੁਲਸ ਨੇ ਬੱਚੇ ਨੂੰ ਅਗਵਾ ਕਰਨ ਦਾ ਕੇਸ ਦਰਜ ਕਰ ਲਿਆ ਹੈ।ਜਾਣਕਾਰੀ ਅਨੁਸਾਰ ਸੰਦੀਪ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਕੂਕਾ ਨੇ ਬੇਗੋਵਾਲ ਪੁਲਸ ਨੂੰ ਲਿਖਵਾਏ ਬਿਆਨਾਂ ਰਾਹੀ ਦੱਸਿਆ ਕਿ ਮੇਰੇ ਤਿੰਨ ਬੱਚੇ ਸਰਕਾਰੀ ਮਿਡਲ ਸਕੂਲ ਕੂਕਾ ਵਿਖੇ ਪੜ੍ਹਦੇ ਹਨ। ਬੀਤੇ ਦਿਨੀਂ ਸਕੂਲ ਗਏ ਤਿੰਨ ਬੱਚਿਆਂ ਵਿਚੋਂ ਦੋ ਬੱਚੇ ਤਾਂ ਵਾਪਸ ਘਰ ਆ ਗਏ ਪਰ ਵੱਡਾ ਲੜਕਾ ਸੌਰਵਪ੍ਰੀਤ ਸਿੰਘ (13) ਵਾਪਸ ਘਰ ਨਹੀਂ ਆਇਆ। ਉਸ ਦੀ ਭਾਲ ਲਈ ਅਸੀਂ ਸਕੂਲ ਵੀ ਗਏ, ਜਿਥੇ ਉਸ ਦਾ ਬੈਗ ਪਿਆ ਸੀ। ਇਸ ਤੋਂ ਬਾਅਦ ਅਸੀਂ ਮੋਹਤਬਰਾਂ ਨਾਲ ਬੱਚੇ ਦੀ ਭਾਲ ਕੀਤੀ। ਅਗਲੇ ਦਿਨ ਪਤਾ ਲੱਗਾ ਕਿ ਤੁਹਾਡਾ ਲੜਕਾ ਝੰਗੀ ਗੁਰਦੁਆਰਾ ਸਾਹਿਬ ਦੇ ਗੇਟ 'ਤੇ ਸਵੇਰ ਵੇਲੇ ਦੇਖਿਆ ਗਿਆ ਹੈ। ਸਾਡੇ ਜਾਣ 'ਤੇ ਸੌਰਵਪ੍ਰੀਤ ਉਥੇ ਵੀ ਨਹੀਂ ਮਿਲਿਆ। ਇਸ ਤੋਂ ਇਲਾਵਾ ਸਾਨੂੰ ਪਤਾ ਲੱਗਾ ਹੈ ਕਿ ਸਾਡੇ ਲੜਕੇ ਦੀ ਸਕੂਲ ਵਿਚ ਪੜ੍ਹਦੇ ਲੜਕੇ ਨਾਲ ਲੜਾਈ ਵੀ ਹੋਈ ਸੀ। 
ਦੂਜੇ ਪਾਸੇ ਇਸ ਸਬੰਧ ਵਿਚ ਗੱਲਬਾਤ ਕਰਦਿਆਂ ਐੱਸ. ਐੱਚ. ਓ. ਬੇਗੋਵਾਲ ਸੁਖਬੀਰ ਸਿੰਘ ਨੇ ਦੱਸਿਆ ਕਿ ਬੱਚੇ ਦੇ ਘਰ ਨਾ ਪਰਤਣ ਦੇ ਮਾਮਲੇ ਸਬੰਧੀ ਬੱਚੇ ਨੂੰ ਅਗਵਾ ਕਰਨ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਟੀਮਾਂ ਨੂੰ ਬੱਚੇ ਦੀ ਭਾਲ ਲਈ ਲਾ ਦਿੱਤਾ ਗਿਆ ਹੈ। 


Related News