ਸਕੂਲ ਵੈਨ ਹਾਦਸਾ : ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਦੀ ਐਲਾਨੀ ਕੰਪਨਸੇਸ਼ਨ ਕੀਤੀ ਰੱਦ

02/17/2020 5:45:30 PM

ਲੌਂਗੋਵਾਲ (ਵਸ਼ਿਸ਼ਟ) : ਸਕੂਲ ਵੈਨ ਅਗਨੀ ਕਾਂਡ 'ਚ ਮਾਰੇ ਗਏ ਮਾਸੂਮ ਬੱਚਿਆਂ ਦੇ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਮੁਆਵਜ਼ਾ ਰਾਸ਼ੀ ਇਥੋਂ ਦੀਆਂ ਜਥੇਬੰਦੀਆਂ ਨੇ ਰੱਦ ਕਰ ਦਿੱਤੀ ਹੈ। ਇਸ ਸਬੰਧ 'ਚ ਪੀੜਤ ਪਰਿਵਾਰ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂ ਕਮਲਜੀਤ ਸਿੰਘ ਵਿੱਕੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਨੂੰ ਐਲਾਨੀ ਕੰਪਨਸੇਸ਼ਨ ਨੂੰ ਰੱਦ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕਸਬਾ ਵਾਸੀਆਂ ਨੇ ਇਸ ਸਬੰਧ 'ਚ ਇਕ ਕਮੇਟੀ ਬਣਾ ਕੇ ਫ਼ੈਸਲਾ ਕੀਤਾ ਹੈ ਕਿ ਪੀੜਤ ਪਰਿਵਾਰਾਂ ਨੂੰ ਬੱਚਿਆਂ ਦੇ ਭੋਗ ਤੋਂ ਪਹਿਲਾਂ ਪਹਿਲਾਂ 50-50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ ਕਿਉਂਕਿ ਇਨ੍ਹਾਂ ਪਰਿਵਾਰਾਂ ਦੇ ਮੁਖੀ ਜਿਊਂਦੀਆਂ ਲਾਸ਼ਾਂ ਬਣ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਹਾਦਸੇ 'ਚ ਮਾਰਿਆ ਗਿਆ ਬੱਚਾ ਦਸ ਸਾਲਾਂ ਬਾਅਦ ਮਾਪਿਆਂ ਦੀ ਝੋਲੀ 'ਚ ਪਿਆ ਸੀ। ਪੀੜਤ ਪਰਿਵਾਰਾਂ ਦੇ ਇਹ ਘਾਟੇ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ।

ਉਨ੍ਹਾਂ ਕਿਹਾ ਕਿ ਸਕੂਲ ਨੂੰ ਐਫੀਲੇਸ਼ਨ ਦੇਣ ਵਾਲੇ ਅਧਿਕਾਰੀਆਂ ਨੂੰ ਵੀ ਜਾਂਚ ਦੇ ਘੇਰੇ 'ਚ ਲੈਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਸਕੂਲ ਕਿਸੇ ਸੁਸਾਇਟੀ ਦੇ ਅਧੀਨ ਚੱਲਦੇ ਹਨ। ਉਸ ਦੇ ਅਤੇ ਉਸ ਦੇ ਚੇਅਰਮੈਨ ਅਤੇ ਹੋਰ ਮੈਂਬਰ ਹੁੰਦੇ ਹਨ ਪਰ ਇਥੇ ਕੁਝ ਵੀ ਨਜ਼ਰ ਨਹੀਂ ਆਉਂਦਾ। ਉਕਤ ਆਗੂਆਂ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਖੁੰਬਾਂ ਵਾਂਗ ਖੁੱਲ੍ਹ ਰਹੇ ਹਨ ਜਦ ਕਿ ਸਰਕਾਰਾਂ ਸਰਕਾਰੀ ਸਕੂਲ ਬੰਦ ਕਰਨ 'ਤੇ ਲੱਗੀਆਂ ਹੋਈਆਂ ਹਨ। ਰਿਸ਼ਵਤਖੋਰੀ ਕਾਰਨ ਹੀ ਇਹ ਪ੍ਰਾਈਵੇਟ ਸਕੂਲ ਨਿਯਮਾਂ ਨੂੰ ਛਿੱਕੇ ਟੰਗ ਦਿੰਦੇ ਹਨ। ਉਨ੍ਹਾਂ ਸਕੂਲ ਪ੍ਰਬੰਧਕਾਂ ਅਤੇ ਜ਼ਿੰਮੇਵਾਰ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ।


Anuradha

Content Editor

Related News