6 ਮਹੀਨਿਆਂ ਤੋਂ ਨਹੀਂ ਮਿਲੀਆਂ ਸਕੂਲਾਂ ''ਚ ਕਿਤਾਬਾਂ, ਪਰੇਸ਼ਾਨ ਬੱਚੇ ਸੜਕਾਂ ''ਤੇ ਉਤਰੇ, ਖਤਰੇ ''ਚ ਭਵਿੱਖ (Pics)
Saturday, Aug 19, 2017 - 07:06 PM (IST)
ਸੰਗਰੂਰ(ਰਾਜੇਸ਼ ਕੋਹਲੀ)— ਪੰਜਾਬ 'ਚ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਕਈ ਆਦਰਸ਼ ਸਕੂਲ ਖੋਲ੍ਹੇ ਗਏ ਸਨ, ਜਿਨ੍ਹਾਂ 'ਚ ਅਜੇ ਹਜ਼ਾਰਾਂ ਦੀ ਗਿਣਤੀ 'ਚ ਬੱਚੇ ਪੜ੍ਹਦੇ ਹਨ ਪਰ ਪਿਛਲੇ 6 ਮਹੀਨਿਆਂ 'ਚ ਬੱਚਿਆਂ ਨੂੰ ਸਕੂਲਾਂ 'ਚ ਪੜ੍ਹਨ ਲਈ ਕਿਤਾਬਾਂ ਤੱਕ ਨਹੀਂ ਮਿਲ ਰਹੀਆਂ ਅਤੇ ਨਾ ਹੀ ਸਕੂਲ 'ਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਤਨਖਾਹ ਮਿਲ ਰਹੀ ਹੈ। ਇਹ ਸਕੂਲ ਐੱਫ. ਐੱਸ. ਏ. ਕੰਪਨੀ ਵੱਲੋਂ ਚਲਾਏ ਜਾ ਰਹੇ ਹਨ, ਜਿਸ 'ਚ 70 ਫੀਸਦੀ ਸੈਂਟਰ ਸਰਕਾਰ ਨੂੰ ਦੇਣਾ ਹੁੰਦਾ ਹੈ ਬਾਕੀ ਦਾ 30 ਫੀਸਦੀ ਕੰਪਨੀ ਨੂੰ ਦੇਣਾ ਹੁੰਦਾ ਹੈ। ਬੱਚਿਆਂ ਦੀ ਪੜ੍ਹਾਈ 'ਤੇ ਬੁਰਾ ਅਸਰ ਪੈ ਰਿਹਾ ਹੈ, ਜਿਸ ਕਰਕੇ ਹਜ਼ਾਰਾਂ ਦੀ ਗਿਣਤੀ 'ਚ ਅੱਜ ਬੱਚੇ ਤੱਪਦੀ ਧੁੱਪ 'ਚ ਸੜਕਾਂ 'ਤੇ ਬੈਠਣ ਨੂੰ ਮਜਬੂਰ ਹੋ ਗਏ।
ਸਰਕਾਰ ਦਾ ਧਿਆਨ ਆਪਣੇ ਵੱਲ ਕਰਨ ਲਈ ਇਹ ਬੱਚੇ ਸ਼ਨੀਵਾਰ ਨੂੰ ਸੰਗਰੂਰ ਨੈਸ਼ਨਲ ਹਾਈਵੇਅ ਦੀਆਂ ਸੜਕਾਂ 'ਤੇ ਉਤਰੇ। ਉਨ੍ਹਾਂ ਦੇ ਨਾਲ ਅਧਿਆਪਕ ਅਤੇ ਮਾਤਾ-ਪਿਤਾ ਵੀ ਨਜ਼ਰ ਆਏ। ਹੱਥਾਂ 'ਚ ਇਨ੍ਹਾਂ ਨੇ ਤਖਤੀਆਂ ਫੜੀਆਂ ਹੋਈਆਂ ਹਨ। ਵਿਦਿਆਰਥਣ ਅਮਨਦੀਪ ਕੌਰ ਅਤੇ ਸੁਖਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਪੜ੍ਹਾਈ ਲਈ ਸੜਕਾਂ 'ਤੇ ਉਤਰਣਾ ਪਿਆ ਹੈ। ਉਨ੍ਹਾਂ ਨੂੰ ਕਿਤਾਬਾਂ ਨਹੀਂ ਦਿੱਤੀਆਂ ਗਈਆਂ ਹਨ, ਅਸੀਂ ਕਿਵੇਂ ਪੜ੍ਹਾਈ ਕਰਾਂਗੇ ਅਤੇ ਕਿਵੇਂ ਅੱਗੇ ਵੱਧਾਂਗਾ। ਸਕੂਲ 'ਚ ਜੋ ਬਿਜਲੀ ਦਾ ਕੁਨੈਕਸ਼ਨ ਹੈ, ਉਹ ਵੀ ਕੱਟ ਚੁੱਕਾ ਹੈ।
ਇਸ ਪੂਰੇ ਮਾਮਲੇ ਨੂੰ ਚੁੱਕਣ ਵਾਲੇ ਸਮਾਜਸੇਵੀ ਪਰਸ਼ੋਤਮ ਸਿੰਘ ਨੇ ਕਿਹਾ ਕਿ ਸਰਕਾਰ ਦਾ ਧਿਆਨ ਇਨ੍ਹਾਂ ਬੱਚਿਆਂ ਦੇ ਵੱਲ ਹੋਵੇ, ਇਸ ਲਈ ਅਸੀਂ ਸੜਕਾਂ 'ਤੇ ਉਤਰੇ ਹਾਂ। ਸਾਡੇ ਜ਼ਿਲੇ 'ਚ ਆਦਰਸ਼ ਸਕੂਲਾਂ 'ਚ 2200 ਦੇ ਕਰੀਬ ਬੱਚੇ ਹਨ, ਜਿਨ੍ਹਾਂ ਨੂੰ ਨਾ ਤਾਂ ਕਿਤਾਬਾਂ ਮਿਲੀਆਂ ਅਤੇ ਨਾ ਹੀ ਵਰਦੀਆਂ। ਇਸ ਦੇ ਨਾਲ ਹੀ ਅਧਿਆਪਕਾਂ ਨੂੰ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਮੰਗ ਕੀਤੀ ਕਿ ਜੋ ਕੰਪਨੀ ਐੱਫ. ਐੱਸ. ਏ. ਇਸ ਨੂੰ ਚਲਾ ਰਹੀ ਹੈ, ਉਸ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਸਾਡੇ ਬੱਚਿਆਂ ਨੂੰ ਪੜ੍ਹਨ ਦਿੱਤਾ ਜਾਵੇ। ਬੱਚਿਆਂ ਦੇ ਨਾਲ 'ਆਪ' ਨੇਤਾ ਅਮਨ ਅਰੋੜਾ ਵੀ ਨਜ਼ਰ ਆਏ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤੋਂ ਬੁਰਾ ਕੀ ਹੋਵੇਗਾ ਕਿ ਸਾਡੇ ਬੱਚੇ ਸੜਕਾਂ 'ਤੇ ਬੈਠੇ ਹਨ। ਅਸੀਂ ਇਹ ਮੁੱਦਾ ਵਿਧਾਨ ਸਭਾ ਅਤੇ ਲੋਕਸਭਾ 'ਚ ਚੁੱਕਾਂਗਾ।
