ਜਲੰਧਰ: ਮਾਰਕੀਟ 'ਚ ਵੱਡਾ ਕਾਂਡ ਕਰਦੀ ਫੜੀ ਗਈ ਸਕੂਲ ਦੀ ਪ੍ਰਿੰਸੀਪਲ, ਪੁਲਸ ਆਉਣ 'ਤੇ ਕੀਤਾ ਹੰਗਾਮਾ
Thursday, Feb 02, 2023 - 05:47 PM (IST)
ਜਲੰਧਰ (ਮਹੇਸ਼, ਸੋਨੂੰ)- ਮਾਡਲ ਟਾਊਨ ਇਲਾਕੇ ’ਚ ਕਿਤਾਬਾਂ ਦੀ ਦੁਕਾਨ ’ਤੇ ਇਕ ਔਰਤ ਕਿਤਾਬ ਚੋਰੀ ਕਰਦੀ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ, ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਅਤੇ ਮਾਮਲਾ ਥਾਣਾ ਡਿਵੀਜ਼ਨ ਨੰ. 6 ਦੀ ਪੁਵਸ ਕੋਲ ਪਹੁੰਚ ਗਿਆ। ਫੜੀ ਗਈ ਔਰਤ ਇਕ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਦੱਸੀ ਜਾ ਰਹੀ ਹੈ। ਇਹ ਔਰਤ ਮਾਡਲ ਟਾਊਨ ਮਾਰਕੀਟ ਸਥਿਤ ਜੈਨ ਸੰਨਜ਼ ਵਿਖੇ ਖ਼ਰੀਦਦਾਰੀ ਕਰਨ ਆਈ ਸੀ।
ਉਸ ਨੇ ਦੁਕਾਨ ਤੋਂ ਕਿਤਾਬ ਚੁੱਕ ਕੇ ਉਸ ਦੇ ਪਹਿਨੇ ਹੋਏ ਓਵਰਕੋਟ ਵਿੱਚ ਲੁਕਾ ਦਿੱਤੀ। ਉਸ ਦੀ ਇਹ ਹਰਕਤ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ। ਇਸ ਤੋਂ ਬਾਅਦ ਜਦੋਂ ਉਹ ਦੁਕਾਨ ਤੋਂ ਬਾਹਰ ਨਿਕਲਣ ਲੱਗੀ ਤਾਂ ਦੁਕਾਨਦਾਰ ਨੇ ਔਰਤ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਔਰਤ ਦੇ ਓਵਰਕੋਟ ਵਿੱਚ ਲੁਕਾਈ ਹੋਈ ਕਿਤਾਬ ਨੂੰ ਬਰਾਮਦ ਕਰ ਲਿਆ ਗਿਆ। ਫੜੇ ਜਾਣ ਤੋਂ ਬਾਅਦ ਵੀ ਔਰਤ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਚੋਰੀ ਉਸ ਨੇ ਕੀਤੀ ਹੈ।
ਇਹ ਵੀ ਪੜ੍ਹੋ : ਸਾਡੀ ਨੀਅਤ ਤੇ ਦਿਲ ਸਾਫ਼, ਹਮੇਸ਼ਾ ਗ਼ਰੀਬਾਂ ਦੇ ਹੱਕਾਂ ਵਾਸਤੇ ਚੱਲਦਾ ਰਹੇਗਾ ਹਰਾ ਪੈੱਨ: ਭਗਵੰਤ ਮਾਨ
ਮੌਕੇ ’ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਔਰਤ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਕਿਹਾ ਕਿ ਉਸ ਨੇ ਕੋਈ ਚੋਰੀ ਨਹੀਂ ਕੀਤੀ ਹੈ। ਉਸ ’ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ। ਔਰਤ ਪੁਲਸ ਦੇ ਨਾਲ ਥਾਣੇ ਜਾਣ ਨੂੰ ਤਿਆਰ ਨਹੀਂ ਸੀ। ਪਰ ਕਿਸੇ ਤਰ੍ਹਾਂ ਪੁਲਸ ਔਰਤ ਨੂੰ ਥਾਣੇ ਲੈ ਗਈ। ਇਸ ਦੌਰਾਨ ਔਰਤ ਨੇ ਮੁਆਫ਼ੀਨਾਮਾ ਲਿਖ ਕੇ ਆਪਣੀ ਜਾਨ ਬਚਾਈ ਅਤੇ ਮਾਮਲਾ ਖ਼ਤਮ ਕਰ ਦਿੱਤਾ। ਜਾਂਚ ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਦੋਵਾਂ ਧਿਰਾਂ ਵਿਚਾਲੇ ਆਪਸੀ ਸਮਝੌਤਾ ਹੋ ਗਿਆ ਹੈ। ਔਰਤ ਖ਼ਿਲਾਫ਼ ਕਾਰਵਾਈ ਕਰਨ ਲਈ ਕਿਸੇ ਨੇ ਵੀ ਪੁਲਸ ਨੂੰ ਕੋਈ ਲਿਖ਼ਤੀ ਸ਼ਿਕਾਇਤ ਨਹੀਂ ਦਿੱਤੀ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦੇ ਬਜਟ ਵਿਰੁੱਧ ਕਿਸਾਨ ਜਥੇਬੰਦੀਆਂ ਦਾ ਪੰਜਾਬ ਭਰ 'ਚ ਪ੍ਰਦਰਸ਼ਨ, ਉਲੀਕਣਗੇ ਅਗਲੀ ਰਣਨੀਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।