ਮਾੜੀ ਸੰਗਤ ਦਾ ਨਤੀਜਾ, ਦੋਸਤਾਂ ਨੂੰ ਦੇਖ ਕੇ ਤੰਬਾਕੂ ਦਾ ਸੇਵਨ ਕਰਨ ਲੱਗੇ ਸਕੂਲੀ ਬੱਚੇ

Wednesday, Nov 27, 2024 - 05:03 AM (IST)

ਮਾੜੀ ਸੰਗਤ ਦਾ ਨਤੀਜਾ, ਦੋਸਤਾਂ ਨੂੰ ਦੇਖ ਕੇ ਤੰਬਾਕੂ ਦਾ ਸੇਵਨ ਕਰਨ ਲੱਗੇ ਸਕੂਲੀ ਬੱਚੇ

ਸੁਲਤਾਨਪੁਰ ਲੋਧੀ (ਧੀਰ) - ਸਿਆਣੇ ਕਹਿੰਦੇ ਹਨ ਕਿ ਮਾੜੀ ਸੰਗਤ ਦਾ ਮਾੜਾ ਨਤੀਜਾ ਹੁੰਦਾ ਹੈ। ਇਹ ਗੱਲ ਅੱਜ-ਕੱਲ ਦੇ ਕੁਝ ਕੁ ਸ਼ਰਾਰਤੀ ਸਕੂਲੀ ਬੱਚਿਆਂ ’ਤੇ ਬਿਲਕੁੱਲ ਢੁੱਕਦੀ ਨਜ਼ਰ ਆ ਰਹੀ ਹੈ, ਜੋ ਆਪਣੇ ਦੋਸਤਾਂ ਨੂੰ ਦੇਖ ਕੇ ਤੰਬਾਕੂ ਦਾ ਸੇਵਨ ਕਰਨ ਲੱਗ ਪਏ ਹਨ। ਹੁਣ ਇਹ ਦੌਰ ਤੇਜ਼ੀ ਨਾਲ ਵਧਣ ਲੱਗ ਪਿਆ ਹੈ। ਅਧਿਆਪਕਾਂ ਤੇ ਖਾਸ ਕਰ ਕੇ ਮਾਪਿਆਂ ਨੂੰ ਇਸ ਵੱਲ ਪਹਿਲ ਦੇ ਆਧਾਰ ’ਤੇ ਧਿਆਨ ਦੇਣ ਦੀ ਲੋੜ ਹੈ। ਹੁਣ ਤੋਂ ਹੀ ਅਜਿਹੇ ਬੱਚਿਆਂ ਨੂੰ ਮਾੜੇ ਕੰਮਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਜੇਕਰ ਹੁਣ ਕੰਟਰੋਲ ਨਾਲ ਕੀਤਾ ਗਿਆ ਤਾਂ ਇਹ ਬੱਚੇ ਹੱਥੋਂ ਨਿਕਲ ਸਕਦੇ ਹਨ। ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਨਸ਼ਾ ਗ੍ਰਸਤ ਵਿਅਕਤੀ ਆਪਣਾ ਸਾਰਾ ਕੁੱਝ ਗੁਆ ਲੈਂਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਲਗਭਗ 67 ਫੀਸਦੀ ਵਿਦਿਆਰਥੀ ਤੰਬਾਕੂ ਉਤਪਾਦਾਂ ਲਈ ਕਰਿਆਨੇ ਦੀਆਂ ਦੁਕਾਨਾਂ ਵੱਲ ਮੁੜਦੇ ਹਨ। ਜਦੋਂਕਿ 21 ਫੀਸਦੀ ਚਾਹ ਦੀਆਂ ਦੁਕਾਨਾਂ ਤੋਂ ਤੰਬਾਕੂ ਉਤਪਾਦ ਖਰੀਦ ਰਹੇ ਹਨ। ਭਾਵੇਂ ਸਬੰਧਤ ਵਿਭਾਗ ਵੱਲੋਂ ਇਨ੍ਹਾਂ ਦੁਕਾਨਾਂ ’ਤੇ ਅਜਿਹੀਆਂ ਵਸਤਾਂ ਦੀ ਵਿਕਰੀ ’ਤੇ ਪੂਰਨ ਤੌਰ ’ਤੇ ਪਾਬੰਦੀ ਲਾਈ ਹੋਈ ਹੈ ਪਰ ਫਿਰ ਵੀ ਤੰਬਾਕੂ ਅਤੇ ਗੁਟਕੇ ਦੀ ਵਿਕਰੀ ਰੁਕਦੀ ਨਜ਼ਰ ਨਹੀਂ ਆ ਰਹੀ ਅਤੇ ਬੱਚੇ ਵੱਡੀ ਗਿਣਤੀ ’ਚ ਇਨ੍ਹਾਂ ਦਾ ਸ਼ਿਕਾਰ ਹੋ ਰਹੇ ਹਨ, ਜੋ ਕਿ ਡੂੰਘੀ ਚਿੰਤਾ ਦਾ ਵਿਸ਼ਾ ਹੈ।

ਬੱਚਿਆਂ ਸਾਹਮਣੇ ਨਾ ਕਰੋ ਨਸ਼ਿਆਂ ਦਾ ਸੇਵਨ : ਨਰੇਸ਼ ਕੋਹਲੀ
ਨਰੇਸ਼ ਕੋਹਲੀ ਨੇ ਕਿਹਾ ਕਿ ਇਕ ਸਰਵੇਖਣ ਅਨੁਸਾਰ ਦੇਸ਼ ’ਚ ਲਗਭਗ ਹਰ 10ਵੀਂ ਜਮਾਤ ਦਾ ਸਕੂਲੀ ਬੱਚਾ ਨਸ਼ੇ ਦਾ ਸ਼ਿਕਾਰ ਹੈ ਅਤੇ ਇਹ ਗੱਲ ਦੇਸ਼ ਦੇ 10 ਸ਼ਹਿਰਾਂ ਦੇ  ਸਕੂਲੀ ਬੱਚਿਆਂ ’ਤੇ ਕੀਤੇ ਗਏ ਸਰਵੇਖਣ ’ਚ ਸਾਹਮਣੇ ਆਈ ਹੈ। ਪਰਿਵਾਰਕ ਮੈਂਬਰਾਂ ਅਤੇ ਦੋਸਤਾਂ-ਮਿੱਤਰਾਂ ਨੂੰ ਤੰਬਾਕੂ, ਸ਼ਰਾਬ ਅਤੇ ਨਸ਼ਿਆਂ ਦਾ ਸੇਵਨ ਕਰਦੇ ਦੇਖ ਕੇ ਬੱਚੇ ਨਸ਼ਿਆਂ ਦੇ ਆਦੀ ਬਣਨ ਲਈ ਪ੍ਰੇਰਿਤ ਹੁੰਦੇ ਹਨ। ਜਿਸ ਤਰ੍ਹਾਂ ਨਾਲ ਬੱਚੇ ਇਨ੍ਹਾਂ ਨੂੰ ਦੇਖ ਕੇ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਰਹੇ ਹਨ, ਉਸ ਨੂੰ ਦੇਖਦੇ ਹੋਏ ਪਰਿਵਾਰਕ ਮੈਂਬਰਾਂ ਨੂੰ ਵੀ ਆਪਣੇ ਬੱਚਿਆਂ ਦੇ ਸਾਹਮਣੇ ਇਨ੍ਹਾਂ ਪਦਾਰਥਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਸਕੂਲਾਂ ’ਚ ਪੜ੍ਹਦਾ ਹਰ 9ਵਾਂ ਵਿਦਿਆਰਥੀ ਨਸ਼ੇ ਦਾ ਸ਼ਿਕਾਰ : ਕੌਂਸਲਰ ਸੰਤਪ੍ਰੀਤ
ਕੌਂਸਲਰ ਸੰਤਪ੍ਰੀਤ ਸਿੰਘ ਨੇ ਦੱਸਿਆ ਕਿ ਇਕ ਖੋਜ ਅਨੁਸਾਰ 9ਵੀਂ ਤੋਂ 12ਵੀਂ ਜਮਾਤ ’ਚ ਪੜ੍ਹਦੇ 11 ਫੀਸਦੀ ਬੱਚੇ ਚਬਾਉਣ ਵਾਲੇ ਤੰਬਾਕੂ ਦਾ ਸੇਵਨ ਕਰਦੇ ਹਨ। ਇਹ ਅਧਿਐਨ ਤਿੰਨ ਸਕੂਲਾਂ ਦੇ 714 ਵਿਦਿਆਰਥੀਆਂ ’ਤੇ ਕੀਤਾ ਗਿਆ ਹੈ ਪਰ ਇਸ ਅਧਿਐਨ ਦੇ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ। ਜੇਕਰ ਵੱਧ ਤੋਂ ਵੱਧ ਵਿਦਿਆਰਥੀ ਇਸੇ ਤਰ੍ਹਾਂ ਇਨ੍ਹਾਂ ਪਦਾਰਥਾਂ ਦਾ ਸੇਵਨ ਕਰਨ ਲੱਗ ਪਏ ਤਾਂ ਭਵਿੱਖ ’ਚ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।


author

Inder Prajapati

Content Editor

Related News