ਸਕੂਲੀ ਬੱਸ ਦੇ ਡਰਾਈਵਰ ਨੇ ਖਤਰੇ ’ਚ ਪਾਈ 25 ਬੱਚਿਆਂ ਦੀ ਜਾਨ

07/24/2018 3:29:18 AM

ਖੰਨਾ(ਸੁਨੀਲ)-ਪਿੰਡ ਦਾਊਦਪੁਰ ’ਚ ਪੈਂਦੇ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਸ ਡਰਾਈਵਰ ਨੇ ਅੱਜ ਲਾ-ਪਰਵਾਹੀ ਕਰਦੇ ਹੋਏ 25 ਬੱਚਿਆਂ ਦੀ ਜਾਨ ਉਸ ਸਮੇਂ ਜੋਖਮ ਵਿੱਚ ਪਾ ਦਿੱਤੀ,  ਜਦੋਂ ਬੱਸ ਨੂੰ ਹੈਲਪਰ  ਦੇ ਹਵਾਲੇ ਕਰ ਦਿੱਤਾ ਗਿਆ।   ਹੈਲਪਰ ਤੋਂ ਬੱਸ ਠੀਕ ਢੰਗ ਨਾਲ ਚਲਾਈ ਨਹੀਂ ਗਈ ਅਤੇ ਬੱਸ ਦਾ ਸੰਤੁਲਨ ਵਿਗਡ਼ ਗਿਆ, ਬੱਸ ਖੇਤਾਂ ’ਚ ਪਲਟ ਗਈ। ਬੱਸ ’ਚ ਸਵਾਰ 25 ਬੱਚਿਆਂ ਨੂੰ ਲੋਕਾਂ ਨੇ ਬਾਹਰ ਕੱਢ ਕੇ ਜਾਨ ਬਚਾਈ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਬੱਸ ਦਾ ਡਰਾਈਵਰ ਸੋਨੂੰ ਰੋਜ਼ਾਨਾ ਦੀ ਤਰ੍ਹਾਂ ਬੱਚਿਆਂ ਨੂੰ ਛੁੱਟੀ ਦੇ ਬਾਅਦ ਘਰ ਛੱਡਣ ਜਾ ਰਿਹਾ ਸੀ। ਪੂਰਬਾ ਪਿੰਡ ਵਿੱਚ ਬੱਸ ’ਚ 25 ਬੱਚੇ ਬਾਕੀ ਰਹਿ ਗਏ ਤਾਂ ਉਸਨੇ ਬੱਸ ਹੈਲਪਰ ਨੂੰ ਚਲਾਣ ਨੂੰ  ਦੇ ਦਿੱਤੀ। ਹੈਲਪਰ ਬੱਸ ਨੂੰ ਪੂਰਬਾ ਤੋਂ ਲਲੌਡ਼ੀ ਕਲਾਂ ਦੇ ਵੱਲ ਲੈ ਕੇ ਜਾ ਰਿਹਾ ਸੀ ਤਾਂ ਬੱਸ ਖੇਤਾਂ ’ਚ ਪਲਟ ਗਈ। ਬੱਚਿਆਂ ਦਾ ਚੀਖ-ਚਿਹਾਡ਼ਾ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਬੱਚਿਆਂ ਨੂੰ ਬਾਹਰ ਕੱਢਿਆ। ਕੁਝ ਬੱਚਿਆਂ ਨੂੰ ਸੱਟਾਂ ਲੱਗੀਆਂ ਸਨ। ਉਨ੍ਹਾਂ ਇਲਾਜ ਨਿਜੀ ਹਸਪਤਾਲ ਵਿੱਚ ਕਰਵਾਉਣ  ਦੇ ਬਾਅਦ ਘਰ ਭੇਜਿਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਬੱਚਿਆਂ  ਦੇ ਮਾਪਿਆਂ ਦੇ ਪੈਰਾਂ ਥੱਲਿਓ ਜ਼ਮੀਨ ਖਿਸਕ ਗਈ ਸੀ। ਮੌਕੇ ’ਤੇ ਅਤੇ ਹਸਪਤਾਲ ’ਚ ਜਾ ਕੇ ਬੱਚਿਆਂ ਨੂੰ ਸੁਰੱਖਿਅਤ ਦੇਖ ਕੇ ਉਨ੍ਹਾਂ ਦੇ ਸਾਹ ’ਚ ਸਾਹ ਆਇਆ।   
 ਕੀ ਕਹਿਣਾ ਹੈ ਪ੍ਰਿੰਸੀਪਲ ਦਾ
 ਇਸ ਸਬੰਧੀ ਜਦੋਂ ਸਕੂਲ  ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ  ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਰਾਈਵਰ ਦੀ ਲਾ-ਪਰਵਾਹੀ ਦਾ ਸਖਤ ਨੋਟਿਸ ਲੈਂਦੇ ਹੋਏ ਸਕੂਲ ਵੱਲੋਂ ਉਸਨੂੰ ਕੰਮ ਤੋਂ ਹਟਾ ਦਿੱਤਾ ਗਿਆ ਹੈ। ਡਰਾਈਵਰ ਨੂੰ ਕੰਮ ਤੋਂ ਹਟਾਉਣ ਦੀ ਸੂਚਨਾ ਪੁਲਸ ਨੂੰ  ਲਿਖਤੀ ਵਿੱਚ ਵੀ ਦੇ ਦਿੱਤੀ ਜਾਵੇਗੀ। ਬੱਚਿਆਂ ਦੇ ਮਾਪਿਆਂ ਨੂੰ ਪੁਲਸ ਚੌਕੀ ਬਰਧਾਲਾਂ ਵਿੱਚ ਬੁਲਾਇਆ ਗਿਆ ਸੀ। ਉੱਥੇ ਕਿਸੇ ਨੇ ਲਿਖਤ ’ਚ ਸ਼ਿਕਾਇਤ ਨਹੀਂ ਦਿੱਤੀ, ਜਿਸ ਕਾਰਨ ਪੁਲਸ ਕੋਈ ਕਾਰਵਾਈ ਨਹੀਂ ਕਰ ਸਕੀ। 
 


Related News